ਅਮਰਗੜ੍ਹ, 24 ਫਰਵਰੀ (ਜਤਿੰਦਰ ਮੰਨਵੀ) - ਬੈਂਕ ਨਾਲ ਲੈਣ-ਦੇਣ ਦੇ ਮਾਮਲੇ 'ਚ ਪਿੰਡ ਭੱਟੀਆਂ ਕਲਾਂ ਦੀ ਇੱਕ ਅÏਰਤ ਸਮੇਤ ਇੱਕ ਵਿਅਕਤੀ ਖ਼ਿਲਾਫ਼ ਥਾਣਾ ਅਮਰਗੜ੍ਹ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ | ਇਹ ਕਾਰਵਾਈ ਨੀਰਜ ਕੁਮਾਰ ਪੁੱਤਰ ਜੈਦੇਵ ਸਿੰਘ ਵਾਸੀ ਪੰਚਕੂਲਾ ਹਰਿਆਣਾ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ | ਸ਼ਿਕਾਇਤਕਰਤਾ ਅਨੁਸਾਰ ਭੱਟੀਆਂ ਕਲਾਂ ਦੇ ਦੋਨਾਂ ਕਥਿਤ ਦੋਸ਼ੀਆਂ ਨੇ ਕੋਟਕ ਮਹਿੰਦਰਾ ਬੈਂਕ ਮਲੇਰਕੋਟਲਾ ਤੋਂ 20 ਲੱਖ 27 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ | ਕਰਜ਼ੇ ਦੀਆਂ ਕਿਸ਼ਤਾਂ ਅਦਾ ਨਾ ਕਰਨ ਕਾਰਨ ਬੈਂਕ ਵਲੋਂ 30 ਅਪ੍ਰੈਲ 2021 ਨੂੰ ਖਾਤੇ ਨੂੰ ਐਨ.ਪੀ.ਏ. ਘੋਸ਼ਿਤ ਕਰ ਦਿੱਤਾ ਗਿਆ ਸੀ | ਬਾਅਦ ਵਿਚ 28 ਮਾਰਚ 2023 ਨੂੰ ਦੋਨਾਂ ਧਿਰਾਂ ਵਿਚਕਾਰ 21 ਲੱਖ ਰੁਪਏ ਵਿਚ ਲੋਨ ਦੀ ਸੈਟਲਮੈਂਟ ਹੋਈ | ਸੈਟਲਮੈਂਟ ਤੋਂ ਬਾਅਦ ਕਥਿਤ ਦੋਸ਼ੀਆਂ ਵਲੋਂ ਬੈਂਕ ਨੂੰ ਚੈੱਕ ਦਿੱਤੇ ਗਏ, ਪਰ ਸੰਬੰਧਿਤ ਖਾਤੇ ਵਿਚ ਰਕਮ ਉਪਲਬਧ ਨਾ ਹੋਣ ਕਾਰਨ ਭੁਗਤਾਨ ਨਹੀਂ ਹੋ ਸਕਿਆ | ਅਮਰਗੜ੍ਹ ਪੁਲਿਸ ਨੇ ਨੀਰਜ ਕੁਮਾਰ ਦੀ ਸ਼ਿਕਾਇਤ ਦੇ ਆਧਾਰ ਤੇ ਦੋਵੇਂ ਕਥਿਤ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਆਰੰਭ ਦਿੱਤੀ ਹੈ |