ਸ਼ੇਰਪੁਰ, 24 ਫਰਵਰੀ (ਦਰਸ਼ਨ ਸਿੰਘ ਖੇੜੀ) - ਬਲਾਕ ਸ਼ੇਰਪੁਰ ਦੇ ਪਿੰਡ ਕਾਤਰੋਂ ਦੇ ਨੌਜਵਾਨ ਪਾਠੀ ਸਿੰਘ ਅਜੀਤ ਸਿੰਘ ਉਰਫ਼ ਅਜੈ ਸਿੰਘ ਨੂੰ ਗਾਲੀ ਗਲੋਚ ਤੇ ਉਸ ਦੀ ਕੁੱਟਮਾਰ ਕਰਨ ਕਰਕੇ ਜ਼ਹਿਰੀਲੀ ਵਸਤੂ ਖਾ ਕੇ ਮਰਨ ਲਈ ਮਜਬੂਰ ਕਰਨ ਵਾਲੇ ਬਾਬਾ ਬਲਵਿੰਦਰ ਸਿੰਘ ਚਾਂਗਲੀ ਦੀ ਗਿ੍ਫ਼ਤਾਰੀ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਪਿੰਡ ਕਾਤਰੋਂ ਦੇ ਮੇਨ ਚੌਂਕ ਵਿਚ ਚੱਲਦੇ ਧਰਨੇ ਨੂੰ ਪੁਲਿਸ ਵਲੋਂ ਬਾਬਾ ਬਲਵਿੰਦਰ ਸਿੰਘ ਵਾਸੀ ਚਾਂਗਲੀ ਦੀ ਗਿ੍ਫ਼ਤਾਰੀ ਹੋਣ ਉਪਰੰਤ ਸਮਾਪਤ ਕਰ ਦਿੱਤਾ ਗਿਆ | ਧਰਨਾਕਾਰੀਆਂ ਨੇ ਬਾਬਾ ਬਲਵਿੰਦਰ ਸਿੰਘ ਚਾਂਗਲੀ ਦੇ ਡੇਰੇ ਦੀ ਖ਼ੁਦਾਈ ਕਰਵਾ ਕੇ ਜਾਂਚ ਕਰਵਾਉਣ ਦੀ ਮੰਗ ਵੀ ਰੱਖੀ | ਉੱਘੇ ਸਿੱਖ ਪ੍ਰਚਾਰਕ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਵਲੋਂ ਮਿ੍ਤਕ ਸਿੰਘ ਅਜੀਤ ਸਿੰਘ ਦੇ ਪਰਿਵਾਰ ਦੀ ਕੇਸ ਲੜਨ ਲਈ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਸਹਾਇਤਾ ਕੀਤੀ ਗਈ ਤੇ ਉਨ੍ਹਾਂ ਹੋਰਨਾਂ ਸਿੱਖ ਸੰਸਥਾਵਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਵੀ ਪਰਿਵਾਰ ਦਾ ਇਸ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਸਾਥ ਦੇਣ ਲਈ ਅਪੀਲ ਕੀਤੀ | ਧਰਨਾਕਾਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਧੂਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਾਬਾ ਬਲਵਿੰਦਰ ਸਿੰਘ ਵਾਸੀ ਚਾਂਗਲੀ ਨੂੰ ਪੁਲਿਸ ਪਾਰਟੀ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਜਿਸ ਖ਼ਿਲਾਫ਼ ਮੁਕੱਦਮਾ ਨੰਬਰ 50 ਅਧੀਨ ਕਿਸੇ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਦੇ ਨਾਲ-ਨਾਲ ਐਸ.ਸੀ.ਐਸ.ਟੀ ਐਕਟ ਦਾ ਵੀ ਵਾਧਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਡੰੂਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਬਾਬਾ ਬਲਵਿੰਦਰ ਸਿੰਘ ਚਾਂਗਲੀ ਦੀ ਗਿ੍ਫ਼ਤਾਰੀ ਦੀ ਪੁਸ਼ਟੀ ਹੋਣ ਉਪਰੰਤ ਧਰਨਾ ਸਮਾਪਤ ਕਰਦੇ ਹੋਏ ਪਰਿਵਾਰ, ਪਿੰਡ ਤੇ ਇਲਾਕਾ ਵਾਸੀਆਂ ਅਤੇ ਧਰਨਾਕਾਰੀਆਂ ਵਲੋਂ ਨਮ ਅੱਖਾਂ ਨਾਲ ਮਿ੍ਤਕ ਪਾਠੀ ਸਿੰਘ ਅਜੀਤ ਸਿੰਘ ਦਾ ਸਸਕਾਰ ਪਿੰਡ ਕਾਤਰੋਂ ਵਿਖੇ ਕਰ ਦਿੱਤਾ ਗਿਆ |