ਸੰਦੌੜ, 24 ਫਰਵਰੀ (ਗੁਰਪ੍ਰੀਤ ਸਿੰਘ ਚੀਮਾ) - ਨਜ਼ਦੀਕੀ ਪਿੰਡ ਖੁਰਦ ਵਿਖੇ ਹਰ ਸਾਲ ਦੀ ਤਰ੍ਹਾਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਪੰਜ ਦਿਨਾਂ ਰੂਹਾਨੀ ਦੀਵਾਨ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ | ਪੰਜ ਦਿਨ ਤੱਕ ਚੱਲੇ ਇਸ ਸਮਾਗਮ ਦੌਰਾਨ ਗੁਰਦੁਆਰਾ ਸੰਤ ਆਸ਼ਰਮ ਈਸਰਸਰ ਫ਼ਤਿਹਗੜ੍ਹ ਪੰਜਗਰਾਈਆਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਕਾਰ ਸਿੰਘ ਵਲੋਂ ਕੀਰਤਨ ਵਖਿਆਨ ਰਾਹੀਂ ਸੰਗਤਾਂ ਨਾਲ ਗੁਰ ਇਤਿਹਾਸ ਸਾਂਝਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅੱਜ ਸਮਾਂ ਦਿਨੋਂ ਦਿਨ ਤੇਜ਼ੀ ਨਾਲ ਬਦਲਦਾ ਜਾ ਰਿਹਾ ਹੈ | ਭੱਜ ਦੌੜ ਦੀ ਜ਼ਿੰਦਗੀ ਵਿਚ ਲੋਕਾਂ ਕੋਲ ਪ੍ਰਮਾਤਮਾ ਦਾ ਨਾਮ ਲੈਣ ਲਈ ਵੀ ਸਮਾਂ ਨਹੀਂ ਹੈ ਜਦਕਿ ਪ੍ਰਮਾਤਮਾ ਦੇ ਨਾਮ ਅਤੇ ਸਿਮਰਨ ਤੋਂ ਬਿਨਾਂ ਲੋਕਾਈ ਦਾ ਭਲਾ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਕਿ ਇਨਸਾਨ ਨਿੱਤ ਦਿਨ ਆਪਣੇ ਕਰਮ ਕਰਦਾ ਫਿਰਦਾ ਹੈ ਪਰ ਜਿਸ ਪ੍ਰਮਾਤਮਾ ਨੇ ਉਸ ਨੂੰ ਇਹ ਸੰਸਾਰ ਦਿਖਾਇਆ ਹੈ, ਮਨੁੱਖ ਉਸ ਨਿਰੰਕਾਰ ਨੂੰ ਹੀ ਭੁੱਲ ਬੈਠਾ ਹੈ | ਉਨ੍ਹਾਂ ਕਿਹਾ ਕਿ ਮਨੁੱਖ ਨੂੰ ਮੁਸੀਬਤ ਵੇਲੇ ਹੀ ਪ੍ਰਮਾਤਮਾ ਦਾ ਚੇਤਾ ਆਉਂਦਾ ਹੈ | ਉਨ੍ਹਾਂ ਨੇ ਨੌਜਵਾਨ ਪੀੜ੍ਹੀ ਦੇ ਦਿਨੋਂ ਦਿਨ ਕੁਰਾਹੇ ਪੈਣ ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਵਿਰਸੇ, ਸਭਿਆਚਾਰ, ਬਾਣੀ ਤੇ ਬਾਣੇ ਨਾਲ ਜੋੜਨ ਲਈ ਮਾਪਿਆਂ ਨੂੰ ਅੱਗੇ ਆਉਣਾ ਪਵੇਗਾ ਕਿਉਂਕਿ ਬੱਚਿਆਂ ਨੂੰ ਘਰ ਵਿਚੋਂ ਹੀ ਚੰਗੇ ਸੰਸਕਾਰ ਮਿਲ ਸਕਦੇ ਹਨ | ਸਮਾਗਮ ਦੇ ਅੰਤਿਮ ਦਿਨ ਬੱਚਿਆਂ ਨੂੰ ਬਾਣੀ ਬਾਣੇ ਨਾਲ ਜੋੜਨ ਲਈ ਪਿੰਡ ਪੱਧਰੀ ਲੰਮੇ ਕੇਸ, ਗੁਰਬਾਣੀ ਕੰਠ ਤੇ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿਚ ਸੈਂਕੜੇ ਬੱਚਿਆਂ ਨੇ ਭਾਗ ਲਿਆ | ਵੱਖ-ਵੱਖ ਵਰਗਾਂ ਵਿਚ ਹੋਏ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਵੱਲੋਂ ਨਗਦ ਇਨਾਮ, ਦਸਤਾਰਾਂ ਤੇ ਯਾਦਗਾਰੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ, ਮੈਡਲ, ਗੁਰਮੁਖੀ ਅਤੇ ਇਤਿਹਾਸ ਸੰਬੰਧੀ ਧਾਰਮਿਕ ਲਿਟਰੇਚਰ ਨਾਲ ਸਨਮਾਨਿਤ ਕੀਤਾ ਗਿਆ |