ਧੂਰੀ, 7 ਮਾਰਚ (ਲਖਵੀਰ ਸਿੰਘ ਧਾਂਦਰਾ) - ਉਕਾਬਾ ਫੈਡਰੇਸ਼ਨ ਵੱਲੋਂ ਜ਼ਿਲ੍ਹਾ ਪ੍ਰਧਾਨ ਨੱਥੂ ਰਾਮ ਦੀ ਅਗਵਾਈ ਹੇਠ ਧੂਰੀ ਦੇ ਡੈਲਟਾ ਸਕੈਨ ਸੈਂਟਰ ਵਿਖੇ ਫਾਈਬਰੋ ਸਕੈਨ ਕੈਂਪ ਆਯੋਜਿਤ ਕੀਤਾ ਗਿਆ | ਇਸ ਕੈਂਪ ਵਿੱਚ ਇਲਾਕੇ ਦੇ ਮਰੀਜ਼ਾਂ ਨੇ ਲਾਭ ਲਿਆ ਅਤੇ ਆਪਣੀ ਸਿਹਤ ਦੀ ਜਾਂਚ ਕਰਵਾ ਕੇ ਕੈਂਪ ਦਾ ਲਾਭ ਉਠਾਇਆ | ਕੈਂਪ ਦੌਰਾਨ ਲੋਕਾਂ ਨੂੰ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾਕਟਰ ਰੀਤੀਕਾ ਗੋਇਲ ਅਤੇ ਮਨਪ੍ਰੀਤ ਸਿੰਘ ਨੇ ਮਰੀਜ਼ਾਂ ਨੂੰ ਫਾਈਬਰੋ ਸਕੈਨ ਦੇ ਫ਼ਾਇਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਫਾਈਬਰੋ ਸਕੈਨ ਇੱਕ ਆਧੁਨਿਕ ਅਤੇ ਬਿਨਾਂ ਦਰਦ ਵਾਲਾ ਟੈੱਸਟ ਹੈ | ਜਿਸ ਨਾਲ ਲੀਵਰ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਮਿਲ ਜਾਂਦੀ ਹੈ | ਇਸ ਟੈੱਸਟ ਰਾਹੀਂ ਲੀਵਰ ਵਿੱਚ ਫੈਟੀ ਲਿਵਰ, ਫਾਈਬ੍ਰੋਸਿਸ ਜਾਂ ਹੋਰ ਸਮੱਸਿਆਵਾਂ ਦੀ ਸਮੇਂ ਸਿਰ ਪਹਿਚਾਣ ਕੀਤੀ ਜਾ ਸਕਦੀ ਹੈ | ਜਿਸ ਨਾਲ ਮਰੀਜ਼ ਨੂੰ ਸਮੇਂ ਤੇ ਇਲਾਜ ਮਿਲ ਸਕਦਾ ਹੈ | ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਗ਼ਲਤ ਖ਼ੁਰਾਕ ਅਤੇ ਬਦਲਦੇ ਜੀਵਨ ਢੰਗ ਕਾਰਨ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਵੱਧ ਰਹੀਆਂ ਹਨ | ਇਸ ਲਈ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ਤੇ ਜ਼ਰੂਰੀ ਟੈੱਸਟ ਕਰਵਾਉਣੇ ਚਾਹੀਦੇ ਹਨ | ਜ਼ਿਲ੍ਹਾ ਪ੍ਰਧਾਨ ਨੱਥੂ ਰਾਮ ਨੇ ਦੱਸਿਆ ਕਿ ਉਕਾਬਾ ਫੈਡਰੇਸ਼ਨ ਵੱਲੋਂ ਸਮਾਜ ਦੀ ਭਲਾਈ ਲਈ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਸਿਹਤ ਕੈਂਪ ਲਗਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਅੱਗੇ ਵੀ ਲੋਕਾਂ ਦੀ ਭਲਾਈ ਲਈ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ | ਕੈਂਪ ਦੌਰਾਨ ਮੌਜੂਦ ਮਰੀਜ਼ਾਂ ਨੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲੋਕਾਂ ਲਈ ਕਾਫ਼ੀ ਲਾਭਦਾਇਕ ਸਾਬਤ ਹੁੰਦੇ ਹਨ | ਇਸ ਮੌਕੇ ਅਵਤਾਰ ਸਿੰਘ, ਓਮ ਪ੍ਰਕਾਸ਼, ਅਜੀਤ ਸਿੰਘ ਰਿਟਾਇਰ ਐਸਡੀਓ, ਸਮਨਦੀਪ ਸਿੰਘ, ਜਸਵਿੰਦਰ ਸਿੰਘ ਜਵਾਹਰਵਾਲਾ, ਲੱਕੀ ਗੋਇਲ, ਮੋਹਦ ਮੁਸ਼ਤਾਕ, ਤੇਜਵੰਤ ਸਿੰਘ, ਖਾਲਿਦ ਪਰਵੇਜ, ਮਾਲਵਿੰਦਰ ਕੌਰ, ਗਗਨਦੀਪ ਕੌਰ, ਸੀਮਾ ਰਾਣੀ ਆਦਿ ਹਾਜ਼ਰ ਸਨ |