ਖਨੌਰੀ, 8 ਮਾਰਚ (ਬਲਵਿੰਦਰ ਸਿੰਘ ਥਿੰਦ)-ਸਥਾਨਕ ਸ਼ਹਿਰ ਦੀ ਟਰੱਕ ਮਾਰਕੀਟ ਵਿਖੇ ਅੱਜ ਸਵੇਰੇ ਕਰੀਬ ਸਾਡੇ ਕੁ ਦਸ ਵਜੇ ਟਰਾਲੇ ਦੀ ਫਰੀਜ਼ਰ ਬਾਡੀ ਦੇ ਬਣਾਏ ਹੋਏ ਦਫ਼ਤਰ ਨੁਮਾ ਇੱਕ ਦੁਕਾਨ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ | ਜਿਸ ਕਰਕੇ ਉਕਤ ਦਫ਼ਤਰ ਵਿੱਚ ਲੱਗੇ ਏ ਸੀ, ਕੁਝ ਦੱਸੀ ਜਾ ਰਹੀ ਨਕਦੀ ਸਮੇਤ ਅੰਦਰ ਪਿਆ ਸਾਰਾ ਹੀ ਸਮਾਨ ਪਲਾਂ ਵਿੱਚ ਸੜ ਕੇ ਸੁਆਹ ਹੋ ਗਿਆ | ਇਸ ਘਟਨਾ ਵਿੱਚ ਕਰੀਬ 6 ਲੱਖ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ | ਸਥਾਨਕ ਲੋਕਾਂ ਨੇ ਖ਼ੁਦ ਭੱਜ ਦੌੜ ਕਰਕੇ ਪਾਣੀ ਦੀਆਂ ਟੈਂਕੀਆਂ ਲਿਆ ਕੇ ਅਤੇ ਪਾਣੀ ਦੀਆਂ ਬਾਲਟੀਆਂ ਪਾ-ਪਾ ਕੇ ਜਿੱਥੇ ਅੱਗ ਨੂੰ ਹੋਰ ਫੈਲਣ ਤੋਂ ਕਾਬੂ ਪਾਇਆ ਅਤੇ ਉਥੇ ਅੱਗ ਲੱਗਣ ਵਾਲੀ ਫਰੀਜ਼ਰ ਬਾਡੀ ਨੇੜੇ ਖੜ੍ਹੇ ਹੋਰ ਟਰੱਕਾਂ ਆਦਿ ਨੂੰ ਅੱਗ ਲੱਗਣ ਤੋਂ ਬਚਾ ਲਿਆ ਗਿਆ | ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ | ਲੋਕਾਂ ਵਿੱਚ ਇਸ ਗੱਲ ਦਾ ਵੀ ਭਾਰੀ ਗ਼ੁੱਸਾ ਪਾਇਆ ਜਾ ਰਿਹਾ ਹੈ ਕਿ ਖਨੌਰੀ ਵਿਖੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੀ ਅੱਗ ਲੱਗਣ ਦੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਲੋਕਾਂ ਵਲੋਂ ਵਾਰ-ਵਾਰ ਪ੍ਰਸ਼ਾਸਨ ਅਤੇ ਸਰਕਾਰਾਂ ਤੋਂ ਇੱਥੇ ਫਾਇਰ ਬਿ੍ਗੇਡ ਸਟੇਸ਼ਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਪ੍ਰੰਤੂ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ | ਜ਼ਿਕਰਯੋਗ ਹੈ ਕਿ ਖਨੌਰੀ ਵਿਖੇ ਜਦੋਂ ਵੀ ਕਿਤੇ ਕੋਈ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਖਨੌਰੀ ਤੋਂ ਕਰੀਬ 35 ਤੋਂ 50-60 ਕਿਲੋਮੀਟਰ ਦੂਰ ਪੈਂਦੇ ਫਾਇਰ ਬਿ੍ਗੇਡ ਸਟੇਸ਼ਨਾਂ ਮੂਨਕ, ਸੁਨਾਮ, ਸਮਾਣਾ, ਸੰਗਰੂਰ ਜਾਂ ਫਿਰ ਹਰਿਆਣਾ ਦੇ ਕੈਥਲ, ਨਰਵਾਣਾ ਆਦਿ ਤੋਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਕਰੀਬ ਘੰਟਾ ਡੇਢ ਘੰਟਾ ਬਾਅਦ ਘਟਨਾ ਸਥਾਨ ਤੇ ਉਸ ਸਮੇਂ ਪਹੁੰਚਦੀਆਂ ਹਨ ਜਦੋਂ ਤੱਕ ਲੱਗੀ ਅੱਗ ਲੱਗਣ ਨਾਲ ਕਾਫ਼ੀ ਨੁਕਸਾਨ ਹੋ ਜਾਂਦਾ ਹੈ ਤੇ ਲੋਕਾਂ ਵਲੋਂ ਆਪਣੇ ਤੌਰ ਤੇ ਹੀ ਕੁਝ ਹੱਦ ਤੱਕ ਕਾਬੂ ਪਾਇਆ ਜਾਂਦਾ ਹੈ | ਲੋਕਾਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਖਨੌਰੀ ਵਿਖੇ ਇੱਥੇ ਫਾਇਰ ਬਿ੍ਗੇਡ ਸਟੇਸ਼ਨ ਬਣਾਇਆ ਜਾਵੇ ਤਾਂ ਜੋ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਤੁਰੰਤ ਹੀ ਕਾਬੂ ਪਾਇਆ ਜਾ ਸਕੇ |