ਭਵਾਨੀਗੜ੍ਹ, 8 ਮਾਰਚ (ਲਖਵਿੰਦਰ ਪਾਲ ਗਰਗ)-ਇੱਕ ਨੌਜਵਾਨ ਨੂੰ ਦੁਬਈ ਵਿਖੇ ਕੰਮ ਦਿਵਾਉਣ ਅਤੇ ਹੈਵੀ ਡਰਾਈਵਿੰਗ ਲਾਇਸੰਸ ਬਣਵਾ ਕੇ ਦੇਣ ਦਾ ਝਾਂਸਾ ਦੇ ਕੇ ਉਸ ਨਾਲ ਕਰੀਬ ਸਾਢੇ 3 ਲੱਖ ਰੁਪਿਆ ਦੀ ਠੱਗੀ ਮਾਰਨ 'ਤੇ ਪੁਲਿਸ ਵਲੋਂ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ | ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਕਰਦਿਆਂ ਪਿ੍ਅੰਕਾ ਸ਼ਰਮਾ ਪੁੱਤਰੀ ਭੀਮ ਚੰਦ ਵਾਸੀ ਦੀਦਾਰਗੜ੍ਹ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ਼ਤਿਹਾਰ ਰਾਹੀ ਪਤਾ ਲੱਗਿਆ ਸੀ ਕਿ ਪਰਮਿੰਦਰ ਸਿੰਘ ਤੇਜੇ ਵਾਸੀ ਬਾਲਦ ਕਲਾਂ ਜੋ ਕਿ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ | ਜਿਸ ਨਾਲ ਸੰਪਰਕ ਕਰ ਕੇ ਜਦੋਂ ਉਹ ਪਰਮਿੰਦਰ ਸਿੰਘ ਨੂੰ ਮਿਲੇ ਤਾਂ ਉਸ ਦੇ ਭਰਾ ਮੋਹਿਤ ਸ਼ਰਮਾ ਨੂੰ ਦੁਬਈ ਭੇਜ ਕੇ ਉੱਥੇ ਕੰਮ ਦਿਵਾਉਣ ਅਤੇ ਹੈਵੀ ਡਰਾਈਵਿੰਗ ਲਾਇਸੰਸ ਬਣਵਾ ਕੇ ਦੇਣ ਬਦਲੇ ਉਨ੍ਹਾਂ ਕੋਲੋਂ ਸਾਢੇ 6 ਲੱਖ ਰੁਪਿਆਂ ਦੀ ਮੰਗ ਕੀਤੀ ਗਈ ਜਿਸ ਵਿਚੋਂ 3 ਲੱਖ ਰੁਪਏ ਐਡਵਾਂਸ ਲੈਣ ਅਤੇ ਬਾਕੀ ਦੇ ਰਹਿੰਦੇ ਸਾਢੇ 3 ਲੱਖ ਰੁਪਏ ਦੁਬਈ ਪਹੁੰਚਣ ਅਤੇ ਕੰਮ ਦਿਵਾਉਣ ਤੇ ਹੈਵੀ ਲਾਇਸੰਸ ਮਿਲਣ ਤੋਂ ਬਾਅਦ ਦੇਣੇ ਤਹਿ ਕੀਤੇ ਗਏ | ਉਨ੍ਹਾਂ ਨੇ ਪਰਮਿੰਦਰ ਸਿੰਘ ਵਲੋਂ ਦੱਸੇ ਗਏ ਬੈਂਕ ਖਾਤਿਆਂ 'ਚ 3 ਲੱਖ 18 ਹਜ਼ਾਰ ਰੁਪਏ ਟਰਾਂਸਫ਼ਰ ਕਰ ਦਿੱਤੇ ਸੀ | ਉਸ ਨੇ ਪੁਲਿਸ ਨੂੰ ਦੱਸਿਆ ਕਿ ਟਰੈਵਲ ਏਜੰਟ ਨੇ ਉਸ ਦੇ ਭਰਾ ਨੂੰ ਦੁਬਈ ਵਿਖੇ ਭੇਜ ਦਿੱਤਾ ਸੀ ਤੇ ਉਸ ਦੇ ਭਰਾ ਨੇ ਦੁਬਈ ਤੋਂ ਫ਼ੋਨ ਕਰ ਕੇ ਦੱਸਿਆ ਕਿ ਇੱਥੇ ਪਰਮਿੰਦਰ ਸਿੰਘ ਵਲੋਂ ਭੇਜਿਆ ਗਿਆ ਨਾ-ਮਾਲੂਮ ਵਿਅਕਤੀ ਆਪਣੇ ਕਮਰੇ ਵਿਚ ਲੈ ਗਿਆ ਹੈ ਜਿੱਥੇ ਰਹਿੰਦੇ ਪ੍ਰਵਾਸੀ ਵਿਅਕਤੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਤੇ ਉਸ ਕੋਲੋਂ ਰੁਪਿਆਂ ਦੀ ਮੰਗ ਕਰਦੇ ਹਨ ਤੇ ਉਸ ਦੀ ਜਾਨ ਨੂੰ ਖ਼ਤਰਾ ਹੈ ਜਿਸ ਲਈ ਉਨ੍ਹਾਂ ਨੇ ਡਰਦਿਆਂ ਹੋਏ ਦੱਸੇ ਗਏ ਬੈਕ ਖਾਤੇ 'ਚ 40 ਹਜ਼ਾਰ ਰੁਪਏ ਹੋਰ ਟਰਾਂਸਫ਼ਰ ਕਰ ਦਿੱਤੇ ਸੀ | ਇਸ ਤੋਂ ਬਾਅਦ ਉਸ ਦੇ ਭਰਾ ਦਾ ਫ਼ੋਨ ਵੀ ਬੰਦ ਆਉਣ ਲੱਗਿਆ | ਜਦੋਂ ਉਸ ਨੇ ਟਰੈਵਲ ਏਜੰਟ ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਤੁਹਾਡੇ ਭਰਾ ਨੂੰ ਲਾਇਸੰਸ ਮਿਲੇ ਜਾਂ ਨਾ ਮਿਲੇ ਹੁਣ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ ਇਸ ਤੋਂ ਬਾਅਦ ਉਸ ਨੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ | ਉਨ੍ਹਾਂ ਨੂੰ ਬਾਅਦ 'ਚ ਪਤਾ ਲੱਗਿਆ ਕਿ ਪਰਮਿੰਦਰ ਸਿੰਘ ਕੋਲ ਸਰਕਾਰ ਪਾਸੋਂ ਮਨਜ਼ੂਰ ਸੁਦਾ ਟਰੈਵਲ ਏਜੰਟ ਦਾ ਲਾਇਸੰਸ ਨਾ ਹੰੁਦਿਆਂ ਹੋਏ ਵੀ ਉਨ੍ਹਾਂ ਨੂੰ ਵਿਸ਼ਵਾਸ ਵਿਚ ਲੈ ਕੇ ਉਸ ਦੇ ਭਰਾ ਨੂੰ ਦੁਬਈ ਭੇਜਣ ਅਤੇ ਉੱਥੇ ਸੈਟਲ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ 3 ਲੱਖ 58 ਹਜ਼ਾਰ ਰੁਪਿਆਂ ਦੀ ਠੱਗੀ ਮਾਰ ਲਈ ਹੈ | ਇਸ ਸਬੰਧੀ ਪਿ੍ਅੰਕਾ ਸ਼ਰਮਾ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਇਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ | ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਗੁਰਦੀਪ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਟਰੈਵਲ ਏਜੰਟ ਪਰਮਿੰਦਰ ਸਿੰਘ ਤੇਜੇ ਪੁੱਤਰ ਰਣਧੀਰ ਸਿੰਘ ਵਾਸੀ ਬਾਲਦ ਕਲਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ |