ਅਮਰਗੜ੍ਹ, 27 ਮਾਰਚ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਿਰੁੱਧ ਸਖ਼ਤ ਕਾਨੂੰਨੀ ਵਿਵਸਥਾ ਦੀ ਮੰਗ ਨੂੰ ਲੈ ਕੇ ਸਮਾਣਾ ਵਿਖੇ ਟਾਵਰ ਤੇ ਡਟੇ ਹੋਏ ਸੰਘਰਸ਼ੀ ਯੋਧੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਸਮਰਥਨ ਵਿਚ ਅੱਜ ਅਮਰਗੜ੍ਹ ਤੋਂ ਇੱਕ ਵਿਸ਼ਾਲ ਜਥਾ ਰਵਾਨਾ ਹੋਇਆ | ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਜਥੇਦਾਰ ਇਕਬਾਲ ਸਿੰਘ ਝੂੰਦਾਂ ਦੀ ਸਰਪ੍ਰਸਤੀ ਹੇਠ ਅਮਰਗੜ੍ਹ ਦੀ ਦਾਣਾ ਮੰਡੀ ਤੋਂ ਕੂਚ ਕਰਦਿਆਂ ਇਸ ਜਥੇ ਨੇ ਪੰਥਕ ਅਣਖ ਅਤੇ ਇਨਸਾਫ਼ ਦੀ ਗੂੰਜ ਪਾਈ | ਮੀਡੀਆ ਦੇ ਰੂ-ਬਰੂ ਹੁੰਦਿਆਂ ਜਥੇਦਾਰ ਝੂੰਦਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਕਿਸੇ ਵੀ ਧਾਰਮਿਕ ਰਹਿਬਰ ਜਾਂ ਗ੍ਰੰਥ ਦੀ ਬੇਅਦਬੀ ਮਨੁੱਖਤਾ ਦੇ ਹਿਰਦੇ ਵਲੂੰਧਰਨ ਵਾਲਾ ਕਾਰਾ ਹੈ | ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਸਰਕਾਰਾਂ ਅਜਿਹਾ ਨਿਰਦਈ ਅਤੇ ਭੈਅ-ਮੁਕਤ ਕਾਨੂੰਨ ਬਣਾਉਣ, ਜਿਸ ਦਾ ਖ਼ੌਫ਼ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਜਿਹਾ ਘਿਣਾਉਣਾ ਅਪਰਾਧ ਕਰਨ ਤੋਂ ਪਹਿਲਾਂ ਕੰਬਣੀ ਛੇੜ ਦੇਵੇ | ਆਗਾਮੀ ਵਿਧਾਨ ਸਭਾ ਚੋਣ ਬਾਰੇ ਗੱਲ ਕਰਦਿਆਂ ਜਥੇਦਾਰ ਝੂੰਦਾਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਸੰਗਠਨ ਸਿਰਫ਼ ਰਾਜਨੀਤਿਕ ਕੁਰਸੀਆਂ ਦਾ ਇੱਛੁਕ ਨਹੀਂ ਹੈ, ਸਾਡੀ ਹੋਂਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਨ੍ਹਾਂ ਆਦੇਸ਼ਾਂ ਨੂੰ ਸਮਰਪਿਤ ਹੈ, ਜੋ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਹੋਏ ਸਨ | ਅੱਜ ਸਮਾਂ ਹੈ ਕਿ ਸਾਰੀਆਂ ਪੰਥਕ ਧਿਰਾਂ ਨਿੱਜੀ ਮੁਫ਼ਾਦਾਂ ਅਤੇ ਸੱਤਾ ਦੀ ਲਾਲਸਾ ਦੀ ਬਲੀ ਦੇ ਕੇ ਇੱਕ ਮੰਚ ਤੇ ਇਕੱਠੀਆਂ ਹੋਣ | ਉਨ੍ਹਾਂ ਅੱਗੇ ਕਿਹਾ ਕਿ ਏਕਤਾ ਦਾ ਆਧਾਰ ਸਿਰਫ਼ ਸੱਤਾ ਪ੍ਰਾਪਤੀ ਨਹੀਂ, ਬਲਕਿ ਪੰਥਕ ਸਿਧਾਂਤ ਅਤੇ ਪੰਜਾਬ ਦੀ ਭਲਾਈ ਹੋਣੀ ਚਾਹੀਦੀ ਹੈ | ਜੇਕਰ ਕੋਈ ਵੀ ਧਿਰ ਨਿਰਸਵਾਰਥ ਹੋ ਕੇ ਸਾਂਝਾ ਪ੍ਰੋਗਰਾਮ ਉਲੀਕਦੀ ਹੈ, ਤਾਂ ਉਹ ਉਸ ਦਾ ਖਿੜੇ ਮੱਥੇ ਸਵਾਗਤ ਕਰਨਗੇ | ਇਸ ਮੌਕੇ ਮਨਜਿੰਦਰ ਸਿੰਘ ਬਾਵਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ, ਪਰਦਮਣ ਸਿੰਘ ਸੋਹੀ, ਸਾਬਕਾ ਸਰਪੰਚ ਰਾਜਿੰਦਰ ਸਿੰਘ ਟੀਨਾ ਨੰਗਲ, ਸੁਖਬੀਰ ਸਿੰਘ ਬਿੱਟੂ ਸਲੇਮਪੁਰ, ਦੀਪਕ ਕੌੜਾ, ਕੌਂਸਲਰ ਜਸਵਿੰਦਰ ਸਿੰਘ ਦੱਦੀ, ਅਕਾਲੀ ਆਗੂ ਸੁਖਵਿੰਦਰ ਸਿੰਘ ਸੁੱਖਾ ਤੋਲੇਵਾਲ, ਬਲਾਕ ਸੰਮਤੀ ਮੈਂਬਰ ਜਤਿੰਦਰ ਸਿੰਘ ਹੈਪੀ, ਹਰਮਿੰਦਰ ਸਿੰਘ ਨਿੱਕਾ ਮੰਨਵੀ, ਹਰਸ਼ ਸਿੰਗਲਾ, ਦਿਲਬਾਗ ਸਿੰਘ ਖੇੜੀ ਸੋਢੀਆਂ, ਜਗਦੇਵ ਸਿੰਘ ਜੱਗੀ ਚੌਂਦਾ, ਮਨੋਹਰ ਲਾਲ ਸਾਬਕਾ ਸਰਪੰਚ, ਮਨਦੀਪ ਸਿੰਘ ਰਾਮਪੁਰ ਛੰਨਾ, ਸਰਪੰਚ ਬਲਜੀਤ ਸਿੰਘ ਧੀਰੋਮਾਜਰਾ, ਹਾਕਮ ਸਿੰਘ ਢੱਢੋਗਲ, ਤੇਜਿੰਦਰ ਸਿੰਘ ਗੁਆਰਾ, ਮਾਸਟਰ ਦਲਵਿੰਦਰ ਸਿੰਘ ਗੁਆਰਾ, ਗੁਰਪ੍ਰੀਤ ਸਿੰਘ ਸਰਪੰਚ ਮੂਲਾਬੱਧਾ, ਜਗਵਿੰਦਰ ਸਿੰਘ ਹੱਥੋਆ, ਅਮਰੀਕ ਸਿੰਘ ਚੌਂਦਾ, ਗੁਰੀ ਅਮਰਗੜ੍ਹ, ਬੇਅੰਤ ਸਿੰਘ ਰਾਮਪੁਰ ਛੰਨਾ ਸਮੇਤ ਹੋਰ ਪ੍ਰਮੁੱਖ ਆਗੂ ਮੌਜੂਦ ਸਨ |