ਲਹਿਰਾਗਾਗਾ, 27 ਮਾਰਚ (ਅਸ਼ੋਕ ਗਰਗ)-ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਮੈਡਮ ਕਾਂਤਾ ਗੋਇਲ ਦੇ ਯਤਨਾਂ ਸਦਕਾ ਪੀ ਐਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਹਿਰਾਗਾਗਾ ਦੀ 20 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਇਮਾਰਤ ਦਾ ਨੀਂਹ ਪੱਥਰ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਰੱਖਿਆ ਅਤੇ ਕੰਮ ਦੀ ਸ਼ੁਰੂਆਤ ਵੀ ਕਰਵਾਈ | ਇਸ ਮੌਕੇ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਸਰਕਾਰੀ ਸਕੂਲਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕਰਨਾ ਸਰਕਾਰ ਦੀ ਪਹਿਲ ਹੈ | ਉਨ੍ਹਾਂ ਕਿਹਾ ਕਿ ਇਸ ਨਵੀਂ ਇਮਾਰਤ ਦੇ ਤਿਆਰ ਹੋਣ ਨਾਲ ਵਿਦਿਆਰਥਣਾਂ ਨੂੰ ਸੁਰੱਖਿਅਤ ਅਤੇ ਪ੍ਰੇਰਣਾਦਾਇਕ ਪੜ੍ਹਾਈ ਦਾ ਮਾਹੌਲ ਪ੍ਰਾਪਤ ਹੋਵੇਗਾ, ਜੋ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ | ਉਨ੍ਹਾਂ ਹੋਰ ਦੱਸਿਆ ਕਿ ਪਹਿਲਾਂ ਇਸ ਸਕੂਲ ਦੀ ਥਾਂ ਬਹੁਤ ਘੱਟ ਸੀ ਅਤੇ ਮੌਜੂਦਾ ਇਮਾਰਤ ਦੇ ਕਈ ਹਿੱਸੇ ਅਸੁਰੱਖਿਅਤ ਐਲਾਨੇ ਗਏ ਸਨ, ਜਿਸ ਨਾਲ ਵਿਦਿਆਰਥਣਾਂ ਅਤੇ ਸਟਾਫ਼ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਸਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਸਕੂਲ ਦੀ ਨਵੀਂ ਇਮਾਰਤ ਨੂੰ ਅਤਿ ਆਧੁਨਿਕ ਡਿਜ਼ਾਇਨ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੱਡੇ ਕਲਾਸ-ਰੂਮ, ਵਧੀਆ ਹਵਾ ਅਤੇ ਰੌਸ਼ਨੀ ਦੀ ਵਿਵਸਥਾ, ਭੂਚਾਲ ਰੋਧਕ ਢਾਂਚਾ ਅਤੇ ਵਿਦਿਆਰਥੀਆਂ ਪੱਖੀ ਵਾਤਾਵਰਣ ਨੂੰ ਤਰਜੀਹ ਦਿੱਤੀ ਜਾਵੇਗੀ | ਉਨ੍ਹਾਂ ਇਹ ਵੀ ਵਿਸ਼ਵਾਸ ਜਤਾਇਆ ਕਿ ਕਰੀਬ 07-08 ਮਹੀਨਿਆਂ ਦੇ ਅੰਦਰ ਇਹ ਪ੍ਰੋਜੈਕਟ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਲਾਕੇ ਨੂੰ ਇੱਕ ਮਾਡਲ ਸਕੂਲ ਮਿਲੇਗਾ |ਉਨ੍ਹਾਂ ਹੋਰ ਦੱਸਿਆ ਕਿ ਨਵੀਂ ਇਮਾਰਤ ਦੇ ਤਿਆਰ ਹੋਣ ਉਪਰੰਤ ਇਸ ਸਕੂਲ ਵਿੱਚ ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਧਾਰਾਵਾਂ ਦੀ ਪੜ੍ਹਾਈ ਵੀ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਐਸ.ਡੀ.ਐਮ ਲਹਿਰਾਗਾਗਾ ਰਾਕੇਸ਼ ਪ੍ਰਕਾਸ਼ ਗਰਗ, ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਤਰਵਿੰਦਰ ਕੌਰ, ਸਰਕਾਰੀ ਸੀਨੀਅਰ ਸਕੂਲ ਕੰਨਿਆ ਲਹਿਰਾਗਾਗਾ ਦੇ ਪਿ੍ੰਸੀਪਲ ਰੌਸ਼ਨ ਲਾਲ ਭੁੱਲਣ, ਮਾਰਕੀਟ ਕਮੇਟੀ ਦੇ ਚੇਅਰਮੈਨ ਡਾਕਟਰ ਸ਼ੀਸ਼ਪਾਲ ਆਨੰਦ, ਗਰੀਬ ਪਰਿਵਾਰ ਫ਼ੰਡ ਦੇ ਪ੍ਰਧਾਨ ਸੰਜੀਵ ਰੋਡਾ, ਪਿ੍ੰਸੀਪਲ ਹੰਸ ਰਾਜ ਜੈਨ, ਪੀ.ਏ ਰਾਕੇਸ਼ ਗੁਪਤਾ, ਦਰਬਾਰਾ ਸਿੰਘ ਹੈਪੀ ਜਵਾਹਰਵਾਲਾ, ਪ੍ਰਸ਼ੋਤਮ ਗੋਇਲ ਮੌਜੂਦ ਸਨ |