ਸੰਗਰੂਰ, 27 ਮਾਰਚ (ਅਮਨਦੀਪ ਸਿੰਘ ਬਿੱਟਾ)-ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾ ਨੇ ਦੱਸਿਆ ਕਿ ਪੰਜਾਬ ਕੈਬਨਿਟ ਸਬ ਕਮੇਟੀ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੋਰਚੇ ਦੇ ਆਗੂਆਂ ਅਮਨ ਸ਼ੇਖ਼ਾ, ਗੁਰਪ੍ਰੀਤ ਸਿੰਘ ਪੱਕਾ ਕਲਾ, ਸੰਦੀਪ ਮੋਫਰ, ਲਲਿਤਾ ਪਟਿਆਲਾ ਦੀ ਮੀਟਿੰਗ ਹੋਈ | ਜ਼ਿਕਰਯੋਗ ਹੈ ਕਿ ਡੀ.ਸੀ. ਦਫ਼ਤਰ ਸੰਗਰੂਰ ਦੇ ਬਾਹਰ ਪਿਛਲੇ 93 ਦਿਨਾਂ ਤੋਂ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾ, ਰਮਨ ਮਲੋਟ, ਹਰਜਿੰਦਰ ਝੁਨੀਰ ਅਨੁਸਾਰ ਵਿੱਤ ਮੰਤਰੀ ਨੇ ਲੈਕਚਰਾਰ ਦੀਆਂ ਅਸਾਮੀਆਂ, ਉਮਰ ਹੱਦ ਵਿੱਚ ਛੋਟ ਦੇਣ ਸਬੰਧੀ ਸਿੱਖਿਆ ਵਿਭਾਗ ਨੂੰ ਆਦੇਸ਼ ਦਿੱਤੇ | ਬੇਰੁਜ਼ਗਾਰ ਨੇ ਮਾਸਟਰ ਕੇਡਰ ਦੀ 15000 ਅਸਾਮੀਆਂ ਭਰਨ ਦੀ ਮੰਗ ਕੀਤੀ ਤਾਂ ਵਿੱਤ ਮੰਤਰੀ ਨੇ ਚੱਲ ਰਹੀਆਂ ਪਦ ਉੱਨਤੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿੰਨੀਆਂ ਸਬੰਧੀ ਫੈਸਲਾ ਜਲਦ ਲਿਆ ਜਾਵੇਗਾ | ਬੇਰੁਜ਼ਗਾਰਾਂ ਨੇ ਕਿਹਾ ਕਿ ਭਾਵੇਂ ਮੀਟਿੰਗ ਵਿੱਚ ਸਮੁੱਚੀਆਂ ਮੰਗਾਂ ਜਿਵੇਂ ਆਰਟ ਐਂਡ ਕਰਾਫ਼ਟ ਦੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲੈਣ ਅਤੇ ਮਲਟੀਪਰਪਜ਼ ਹੈਲਥ ਵਰਕਰ ਦੀਆਂ ਸਾਰੀਆਂ ਅਸਾਮੀਆਂ ਉਮਰ ਹੱਦ ਦੀ ਛੋਟ ਸਮੇਤ ਜਾਰੀ ਕਰਵਾਉਣ ਲਈ ਵੀ ਚਰਚਾ ਕੀਤੀ | ਆਗੂਆਂ ਨੇ ਇਹ ਵੀ ਦੱਸਿਆ ਕਿ 27 ਮਾਰਚ ਦੀ ਸਵੇਰ ਕਰੀਬ 5 ਵਜੇ ਕੋਈ ਅਗਿਆਤ ਵਾਹਨ ਬੱਤੀਆਂ ਵਾਲੇ ਚੌਕ ਵੱਲੋਂ ਆਇਆ ਜਿਸ ਦੇ ਅਗਲੇ ਹਿੱਸੇ ਕਿਸੇ ਰੁੱਖ ਦਾ ਟਾਹਣਾ ਟੰਗਿਆ ਹੋਇਆ ਸੀ ਜੋ ਬੇਰੁਜ਼ਗਾਰਾਂ ਦੇ ਤੰਬੂ ਉੱਤੇ ਡਿਗ ਜਾਣਾ ਸੀ ਪਰ ਨੇੜੇ ਲੋਹੇ ਦੇ ਬੈਰੀਕੇਡਾਂ ਵਿੱਚ ਫਸ ਕੇ ਡਿਗ ਪਿਆ | ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਹ ਘਟਨਾ ਕੁਦਰਤੀ ਨਹੀਂ ਬਲਕਿ ਗਿਣੀ ਮਿਥੀ ਸਾਜ਼ਿਸ਼ ਹੈ | ਇਸ ਲਈ ਇਸ ਦੀ ਜਾਂਚ ਹੋਣੀ ਚਾਹੀਦੀ ਹੈ | ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਫ਼ਿਲਹਾਲ ਬੇਰੁਜ਼ਗਾਰ ਪੰਜਾਬ ਕੈਬਨਿਟ ਸਬ ਕਮੇਟੀ ਦੇ ਹਾਂ ਪੱਖੀ ਹੁੰਗਾਰੇ ਪ੍ਰਤੀ ਕੁਝ ਹੱਦ ਤੱਕ ਸੰਤੁਸ਼ਟ ਹਨ ਪਰ ਜੇ ਵਾਅਦਾ ਖ਼ਿਲਾਫ਼ੀ ਹੋਈ ਤਾਂ 12 ਅਪ੍ਰੈਲ ਨੂੰ ਮੁੜ ਰੋਸ ਪ੍ਰਦਸ਼ਨ ਕੀਤਾ ਜਾਵੇਗਾ |