ਸੰਘਰਸ਼ੀ ਯੋਧੇ
ਜਿਨ੍ਹਾਂ ਯੁੱਗ ਪਲਟ ਦਿੱਤੇ
ਲੇਖਕ : ਡਾ. ਐਸ. ਐਲ. ਵਿਰਦੀ ਐਡਵੋਕੇਟ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ ਪਲਾਹੀ, ਕਪੂਰਥਲਾ
ਮੁੱਲ : 400 ਰੁਪਏ, ਸਫ਼ੇ : 432
ਸੰਪਰਕ : 98145 17499

ਡਾ. ਐਸ. ਐਲ. ਵਿਰਦੀ ਐਡਵੋਕੇਟ ਦੀ ਇਹ ਪੁਸਤਕ ਭਾਰਤ ਦੇ ਮਾਨਵਵਾਦੀ ਅੰਦੋਲਨਾਂ ਦੇ ਇਤਿਹਾਸ ਦਾ ਅਹਿਮ ਹਿੱਸਾ ਹੈ। ਵਿਰਦੀ ਸਾਹਿਬ ਲਗਾਤਾਰ ਮਾਨਵਵਾਦੀ ਲਿਖਤਾਂ ਲਿਖਣ ਵਾਲੇ ਸਿਰੜੀ ਲੇਖਕ ਹਨ। ਇਹ ਲਘੂ ਨਾਟਕਾਂ ਦਾ ਸੰਗ੍ਰਹਿ ਹੈ ਜਿਸ ਵਿਚ ਅਠਾਰਾਂ ਨਾਟਕ ਸ਼ਾਮਿਲ ਹਨ। ਪੁਸਤਕ ਦੀ ਆਰੰਭਤਾ ਵਿਚ ਵਿਰਦੀ ਸਾਹਿਬ ਐਲਾਨ ਕਰਦੇ ਹਨ ਕਿ ਇਹ ਕਾਰਜ ਉਨ੍ਹਾਂ ਨੇ ਅਮਾਨਵਵਾਦੀ ਲੋਕਾਂ ਨੂੰ ਮਾਨਵਤਾ ਦਾ ਸਬਕ ਪੜ੍ਹਾਉਣ ਲਈ ਕੀਤਾ ਹੈ। ਇਹ ਲਘੂ ਨਾਟਕ ਪਾਠਕ ਨੂੰ ਜਿਥੇ ਭਾਰਤ ਦੇ ਇਤਿਹਾਸ ਦੇ ਦਰਸ਼ਨ ਕਰਵਾਉਂਦੇ ਹਨ ਉਥੇ ਮਾਨਵਵਾਦੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੇ ਨਾਇਕਾਂ ਦੀ ਸੋਚ ਵਿਚ ਬਲਦੀ ਚੇਤਨਾ ਅਤੇ ਅਣਖ ਦੀ ਰੌਸ਼ਨੀ ਵੀ ਕਰਦੇ ਹਨ। ਸਿਧਾਰਥ ਆਪਣੇ ਬਾਪ ਕੋਲ ਮਜ਼ਦੂਰਾਂ ਦੀ ਅਣਹੋਣੀ ਅਤੇ ਸੋਚ ਬਾਰੇ ਗੱਲ ਕਰਦਾ ਹੈ, ਜਦੋਂ ਉਹ ਆਖਦਾ ਹੈ ਕਿ, 'ਪਿਤਾ ਜੀ, ਮਜ਼ਦੂਰ ਮਿਹਨਤ ਕਰੇ, ਫਿਰ ਵੀ ਭੁੱਖਾ ਮਰੇ, ਜ਼ਿੰਮੀਦਾਰ ਮਾਲਕ ਉਸ ਦੀ ਮਿਹਨਤ ਉੱਤੇ ਮੌਜ ਮਸਤੀ ਕਰੇ, ਪਿਤਾ ਜੀ ਇਹ ਕੋਈ ਨਿਆਂ ਨਹੀਂ ਹੈ?' ਸਿਧਾਰਥ ਦੀ ਇਹੀ ਪ੍ਰਵਿਰਤੀ ਉਸ ਨੂੰ ਬੁੱਧ ਹੋਣ ਵਾਲ ਤੋਰਦੀ ਹੈ। ਏਕਲੱਵਿਆ ਆਪਣੀ ਮਾਂ ਨੂੰ ਸਵਾਲ ਕਰਦਾ ਹੈ ਕਿ ਆਪਾਂ ਕੁੱਲੀਆਂ, ਢਾਰਿਆਂ ਵਿਚ ਹੀ ਕਿਉਂ ਰਹਿੰਦੇ ਹਾਂ? ਆਪਣੇ ਮਹਿਲ ਮੁਨਾਰੇ ਕਿਉਂ ਨਹੀਂ ਹਨ? ਇਸ ਤਰ੍ਹਾਂ ਦੇ ਸਵਾਲ ਮਨੁੱਖ ਦੇ ਅੰਦਰਲੀ ਚੇਤਨਾ ਵਿਚੋਂ ਹੀ ਉਪਜਦੇ ਹਨ। ਇਨ੍ਹਾਂ ਲਘੂ ਨਾਟਕਾਂ ਦੇ ਅਨੇਕਾਂ ਅਜਿਹੇ ਪਾਤਰ ਹਨ ਜਿਨ੍ਹਾਂ ਨੇ ਆਪਣੇ ਸਮਿਆਂ ਵਿਚ ਮਨੁੱਖ ਨੂੰ ਹਲੂਣਾ ਦਿੱਤਾ ਹੈ। ਮਨੁੱਖ ਨੂੰ ਮਨੁੱਖ ਹੋਣ ਦਾ ਅਹਿਸਾਸ ਕਰਵਾਇਆ ਹੈ। ਅਣਮਨੁੱਖੀ ਵਰਤਾਰਿਆਂ ਦੇ ਖਿਲਾਫ਼ ਝੰਡਾ ਬੁਲੰਦ ਕੀਤਾ ਹੈ। ਲੇਖਕ ਨੇ ਕਵਸ਼ ਅਤੇ ਕੁੰਜਲੀ ਦੀ ਸ਼ਹਾਦਤ ਦੀ ਬਾਤ ਪਾਈ ਹੈ। ਜੋਤੀ ਰਾਓ ਫੂਲੇ ਅਤੇ ਸਵਿੱਤਰੀ ਬਾਈ ਦੇ ਅਦਰਸ਼ਾਂ ਦੀ ਗੱਲ ਕੀਤੀ ਹੈ। ਡਾ. ਵਿਰਦੀ ਦੇ ਲਿਖੇ ਇਨ੍ਹਾਂ ਲਘੂ ਨਾਟਕਾਂ ਰਾਹੀਂ ਸ਼ਹੀਦ ਨੰਗੈਲੀ, ਛਤਰਪਤੀ ਸ਼ਾਹੂ ਜੀ , ਡਾ. ਭੀਮ ਰਾਓ ਅੰਬੇਡਕਰ ਸਾਹਿਬ, ਬਹੁਜਨ ਨਾਇਕ ਕਾਂਸ਼ੀ ਰਾਮ, ਪੈਰੀਅਰ ਰਾਮਾ ਸੁਆਮੀ ਨਾਇਕ ਸਮੇਤ ਆਪਣੇ-ਆਪਣੇ ਸਮੇਂ ਦੇ ਉਨ੍ਹਾਂ ਨਾਇਕਾਂ ਦੇ ਦਰਸ਼ਨ ਹੁੰਦੇ ਹਨ ਜਿਨ੍ਹਾਂ ਨੇ ਚੇਤਨਾ ਦਾ ਇਤਿਹਾਸ ਸਿਰਜਿਆ ਹੈ। ਇਸ ਪੁਸਤਕ ਵਿਚਲੇ ਨਾਟਕ ਪੜ੍ਹਦਿਆਂ ਪਾਠਕ ਇਨ੍ਹਾਂ ਕਹਾਣੀਆਂ ਦਾ ਹਿੱਸਾ ਬਣਕੇ ਨਲ ਤੁਰਦਾ ਹੈ।
-ਨਿਰਮਲ ਜੌੜਾ
ਮੋਬਾਈਲ : 98140-78799
ਇਤਿ ਕਥਾ
ਲੇਖਕ : ਕਿਰਪਾਲ ਕਜ਼ਾਕ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 425 ਰੁਪਏ, ਸਫ਼ੇ : 279
ਸੰਪਰਕ : 98726-44428

42 ਪੁਸਤਕਾਂ ਦੇ ਰਚੇਤਾ ਕਿਰਪਾਲ ਕਜ਼ਾਕ ਦੀ ਇਹ 44ਵੀਂ ਪੁਸਤਕ 'ਇਤਿਕਥਾ' (ਨਾਵਲ) ਪ੍ਰਕਾਸ਼ਿਤ ਹੋਇਆ ਹੈ। ਸ਼ਬਦ 'ਇਤਿਕਥਾ' ਦੋ ਸੰਸਕ੍ਰਿਤ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। ਕਿਰਪਾਲ ਕਜ਼ਾਕ ਦੇ ਨਾਵਲ ਦੇ ਸੰਦਰਭ ਵਿਚ 'ਇਤਿ' ਤੋਂ ਭਾਵ 'ਸਮਾਪਤੀ', 'ਇੰਝ' ਜਾਂ 'ਇਸ ਤਰ੍ਹਾਂ' ਅਤੇ 'ਕਥਾ' ਤੋਂ ਭਾਵ 'ਕਹਾਣੀ' ਜਾਂ 'ਬਿਰਤਾਂਤ' ਹੈ। ਕਿਰਪਾਲ ਕਜ਼ਾਕ ਪੰਜਾਬੀ ਸਾਹਿਤ ਦੇ ਅਜਿਹੇ ਸਮਰੱਥ ਗਲਪਕਾਰ ਹਨ, ਜਿਨ੍ਹਾਂ ਨੇ ਆਪਣੀ ਲੇਖਣੀ ਰਾਹੀਂ ਹਮੇਸ਼ਾ ਸਮਾਜ ਦੇ ਪਛੜੇ ਤੇ ਹਾਸ਼ੀਏ 'ਤੇ ਧੱਕੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਦਾ ਨਾਵਲ 'ਇਤਿਕਥਾ' ਪੰਜਾਬ ਦੇ ਪਿਛਲੇ ਸੌ ਸਾਲਾਂ ਦੇ ਇਤਿਹਾਸਕ, ਸੱਭਿਆਚਾਰਕ ਅਤੇ ਆਰਥਿਕ ਪਰਿਵਰਤਨਾਂ ਦਾ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਨਾਵਲ ਦੀ ਸਭ ਤੋਂ ਵੱਡੀ ਵਿਲੱਖਣਤਾ ਇਹ ਹੈ ਕਿ ਇਹ ਕਿਸੇ ਇਕ ਰਵਾਇਤੀ ਨਾ ਇਕ ਦੇ ਦੁਆਲੇ ਨਹੀਂ ਬੁਣਿਆ ਗਿਆ। ਲੇਖਕ ਅਨੁਸਾਰ ਇਸ ਦਾ ਅਸਲ ਨਾਇਕ 'ਸਮਾਂ' ਹੈ। ਨਾਵਲ ਵਿਚ ਜਾਗੀਰਦਾਰੀ ਸਿਸਟਮ ਦੇ ਖ਼ਾਤਮੇ ਅਤੇ ਨਵੀਂ ਪੂੰਜੀਵਾਦੀ ਵਿਵਸਥਾ ਦੇ ਉਭਾਰ ਨੂੰ ਬਹੁਤ ਬਾਰੀਕੀ ਨਾਲ ਪੇਸ਼ ਕੀਤਾ ਗਿਆ ਹੈ। ਇਹ ਪੰਜਾਬੀ ਜੀਵਨ ਦੇ ਰਵਾਇਤੀ ਢਾਂਚੇ ਤੋਂ ਆਧੁਨਿਕਤਾ ਵੱਲ ਵਧਣ ਦੀ ਇਕ ਲੰਮੀ ਕਥਾ ਹੈ। ਨਾਵਲ ਵਿਚ ਗੁਰੋ ਦਾ ਪਾਤਰ ਬਹੁਤ ਪ੍ਰਭਾਵਸ਼ਾਲੀ ਹੈ। ਉਹ ਪੁਰਾਤਨ ਰੂੜ੍ਹੀਵਾਦੀ ਮਾਨਤਾਵਾਂ ਅਤੇ ਮਨੂੰ-ਸਿਮ੍ਰਤੀ ਦੇ ਸੰਕਲਪਾਂ ਨੂੰ ਵੰਗਾਰਦੀ ਹੋਈ ਆਪਣੀ ਸੁਤੰਤਰ ਹੋਂਦ ਲਈ ਲੜਦੀ ਹੈ। ਉਹ ਸਰੀਰਕ ਅਤੇ ਮਾਨਸਿਕ ਤੌਰ 'ਤੇ ਕਿ ਨਿਡਰ ਔਰਤ ਵਜੋਂ ਉੱਭਰਦੀ ਹੈ। ਇਸੇ ਤਰ੍ਹਾਂ ਕਲਿਆਣੀ ਅਤੇ ਗੋਮਤੀ ਵਰਗੇ ਪਾਤਰਾਂ ਰਾਹੀਂ ਲੇਖਕ ਨੇ ਪੰਜਾਬ ਵਿਚ ਆਏ ਪ੍ਰਵਾਸੀ ਮਜ਼ਦੂਰਾਂ ਦੇ ਸੰਘਰਸ਼ ਅਤੇ ਉਨ੍ਹਾਂ ਦੇ ਪੰਜਾਬੀ ਸੱਭਿਆਚਾਰ ਵਿਚ ਰਚਣ-ਮਿਚਣ ਦੀ ਪ੍ਰਕਿਰਿਆ ਨੂੰ ਦਰਸਾਇਆ ਹੈ। ਇਹ ਨਾਵਲ ਬਿਆਨ ਕਰਦਾ ਹੈ ਕਿ ਕਿਵੇਂ ਇਹ ਮਜ਼ਦੂਰ ਵਰਗ ਹੁਣ ਪੰਜਾਬ ਦੀ ਆਰਥਿਕਤਾ ਦਾ ਅਟੁੱਟ ਅੰਗ ਬਣ ਚੁੱਕਾ ਹੈ। ਕਜ਼ਾਕ ਨੇ ਇਸ ਨਾਵਲ ਨੂੰ ਬੜੀ ਵਿਲੱਖਣ ਸ਼ੈਲੀ ਵਿਚ ਸਿਰਜਿਆ ਹੈ। ਉਹ ਘਟਨਾਵਾਂ ਨੂੰ ਇਕ ਫਿਲਮੀ ਪਟਕਥਾ' ਵਾਂਗ ਪੇਸ਼ ਕਰਦੇ ਹਨ, ਜਿਥੇ ਹਰ ਅਧਿਆਏ ਇਕ ਨਵੇਂ ਦ੍ਰਿਸ਼ ਵਾਂਗ ਖੁੱਲ੍ਹਦਾ ਹੈ। 'ਪਿਛਲਝਾਤ' ਤਕਨੀਕ ਦੀ ਵਰਤੋਂ ਪਾਠਕ ਨੂੰ ਇਤਿਹਾਸ ਅਤੇ ਵਰਤਮਾਨ ਦੀਆਂ ਕੜੀਆਂ ਨਾਲ ਜੋੜੀ ਰੱਖਦੀ ਹੈ। ਨਾਵਲ ਦੀ ਭਾਸ਼ਾ ਠੇਠ ਪੰਜਾਬੀ, ਮੁਹਾਵਰੇਦਾਰ ਅਤੇ ਦ੍ਰਿਸ਼-ਮੂਲਕ ਹੈ। ਇਸ ਨਾਵਲ ਦਾ ਕੇਂਦਰੀ ਨੁਕਤਾ : ਪੰਜਾਬੀ ਸੱਭਿਆਚਾਰ ਦਾ ਰੁਪਾਂਤਰਣ ਅਤੇ ਨਾਇਕ : ਸਮਾਂ ਇਸ ਬਿਰਤਾਂਤ ਦੀ ਮੁੱਖ ਆਤਮਾ ਹਨ। ਲੇਖਕ ਦਾ ਦ੍ਰਿਸ਼ਟੀਕੋਣ ਦਲਿਤ ਅਤੇ ਹਾਸ਼ੀਆਗਤ ਵਰਗ ਦੀ ਚੇਤਨਾ ਨੂੰ ਉਭਾਰਨਾ ਹੈ, ਜਿਸ ਲਈ ਉਨ੍ਹਾਂ ਨੇ ਤਕਨੀਕ : ਮਾਨਸਿਕ ਸੰਵਾਦ ਅਤੇ ਦ੍ਰਿਸ਼-ਚਿਤਰਣ ਦਾ ਸਫ਼ਲ ਪ੍ਰਯੋਗ ਕੀਤਾ ਹੈ। ਕੁੱਲ ਮਿਲਾ ਕੇ, 'ਇਤਿਕਥਾ' ਮਨੁੱਖੀ ਮਨ ਦੀਆਂ ਪਰਤਾਂ,ਜਾਤ-ਪਾਤ ਦੇ ਬਦਲ ਦੇ ਸਮੀਕਰਨਾਂ ਅਤੇ ਪੰਜਾਬੀ ਸੱਭਿਆਚਾਰ ਦੇ ਬਦਲਾਅ ਦੀ ਕਹਾਣੀ ਹੈ। ਇਹ ਨਾਵਲ ਰਵਾਇਤੀ ਨਾਵਲਾਂ ਵਾਂਗ ਸਿਰਫ਼ ਮਨੋਰੰਜਨ ਨਹੀਂ ਕਰਦਾ, ਸਗੋਂ ਪਾਠਕ ਦੇ ਮਨ ਵਿਚ ਉਛਾਲ ਪੈਦਾ ਕਰਕੇ ਸੋਚਣ ਲਈ ਵੀ ਜ਼ੋਰ ਦਿੰਦਾ ਹੈ।
-ਜਸਵਿੰਦਰ ਸਿੰਘ ਕਾਈਨੌਰ
ਮੋਬਾਈਲ : 98888-42244
ਬਲੈਕ ਹੋਲ
ਅਨੁ: ਅਤੇ ਸੰਪਾ.: ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ : 98153-17028

ਮੂਲ ਤੌਰ 'ਤੇ ਅਨੁਵਾਦਕ ਬਲਬੀਰ ਲੌਂਗੋਵਾਲ ਵਲੋਂ ਅਨੁਵਾਦਤ ਅਤੇ ਸੰਪਾਦਤ ਪੁਸਤਕ 'ਮੁਸਲਮ ਫ਼ਿਕਰ ਦੀਆਂ ਕਹਾਣੀਆਂ ਬਲੈਕ ਹੋਲ' ਦੇ ਟਾਈਟਲ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਅਨੁਵਾਦਕ ਵਲੋਂ ਇਕ ਖ਼ਾਸ ਫ਼ਿਰਕੇ ਮੁਸਲਮ ਦੇ ਫ਼ਿਕਰ ਨੂੰ ਪੇਸ਼ ਕਰਦੀਆਂ ਕਹਾਣੀਆਂ ਦੀ ਚੋਣ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਅਨੁਵਾਦ ਕਰਕੇ ਆਮ ਪਾਠਕਾਂ ਵਿਚ ਉਸ ਫ਼ਿਰਕੇ ਪ੍ਰਤੀ ਹਮਦਰਦੀ ਦੀਆਂ ਭਾਵਨਾਵਾਂ ਪੈਦਾ ਕਰਨ ਦਾ ਸਾਹਿਤਕ ਉਪਰਾਲਾ ਕੀਤਾ ਗਿਆ ਹੈ। ਅਨੁਵਾਦਕ ਨੇ ਪੁਸਤਕ ਪ੍ਰਕਾਸ਼ਨ ਦੀ ਆਪਣੀ ਮਨਸ਼ਾ ਨੂੰ ਆਪਣੇ 'ਦੋ ਸ਼ਬਦ' ਵਿਚ ਹੀ ਸਪੱਸ਼ਟ ਕਰ ਦਿੱਤਾ ਹੈ। ਅਨੁਵਾਦਕ ਨੇ ਹਿੰਦੀ ਦੇ ਇਕੋ ਸੋਚ ਅਤੇ ਵਿਚਾਰਧਾਰਾ ਵਾਲੇ ਨਾਮਵਰ ਕਹਾਣੀਕਾਰਾਂ ਦੀਆਂ ਦਸ ਕਹਾਣੀਆਂ ਦੀ ਚੋਣ ਕੀਤੀ ਹੈ। ਜਿਨ੍ਹਾਂ ਵਿਚ 'ਬਲੈਕ ਹੋਲ' (ਸਤੇਂਦਰ ਪ੍ਰਸਾਦ ਸ੍ਰੀਵਾਸਤਵ), ਮੇਰਾ ਜੁਰਮ ਕੀ ਹੈ (ਸੁਸ਼ਾਂਤ ਸੁਪ੍ਰਿਆ), ਗੱਠ (ਸੁਧਾਂਸ਼ੂ ਗੁਪਤ), ਹਤਿਆਰਾ (ਪ੍ਰਿਯ ਦਰਸ਼ਨ), ਬੱਤੀਆਂ (ਸ਼ੰਕਰ), ਹਿੰਦੂ (ਗੌਰੀਨਾਥ), ਕਜਰੀ (ਅਵਧੇਸ਼ ਪ੍ਰੀਤ), ਮਹਿਫ਼ਿਲ (ਹਰੀਯਸ਼ ਰਾਏ), ਨਾਹਰਾ (ਪੱਲਵੀ ਪੁੰਡੀਰ) ਅਤੇ ਵੰਡ (ਪ੍ਰਗਿਆ) ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਕਹਾਣੀਆਂ ਪੜ੍ਹ ਕੇ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਮੁਸਲਮਾਨਾਂ ਦੇ ਮਨਾਂ ਵਿਚ ਤਾਂ ਹਿੰਦੂਆਂ ਪ੍ਰਤੀ ਹਮਦਰਦੀ, ਪ੍ਰੇਮ-ਪਿਆਰ, ਸਦਭਾਵਨਾ ਹੈ, ਪਰ ਧਾਰਮਿਕ ਜਨੂੰਨੀ ਅਤੇ ਫ਼ਿਰਕਾਪ੍ਰਸਤ ਹਿੰਦੂ ਉਨ੍ਹਾਂ ਦੇ ਦੁਸ਼ਮਣ ਹਨ, ਉਨ੍ਹਾਂ ਨੇ ਮੁਸਲਮਾਨਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਅਨੁਵਾਦਕ ਇਨ੍ਹਾਂ ਅਨੁਵਾਦਿਤ ਕਹਾਣੀਆਂ ਰਾਹੀਂ ਮੁਸਲਮ ਵਿਰੋਧੀ ਵਰਤਾਰੇ ਪ੍ਰਤੀ ਜਨਤਾ ਨੂੰ ਸੁਚੇਤ ਕਰਨਾ ਚਾਹੁੰਦਾ ਹੈ, ਉਸ ਵਿਚ ਉਹ ਕਾਮਯਾਬ ਵੀ ਜਾਪਦਾ ਹੈ। ਪੁਸਤਕ ਵਿਚ ਸ਼ਾਮਿਲ ਇਕ ਵੀ ਕਹਾਣੀ ਦਾ ਸੰਬੰਧ ਸਿੱਧੇ ਤੌਰ 'ਤੇ ਪੰਜਾਬ ਨਾਲ ਨਹੀਂ ਹੈ। ਇਨ੍ਹਾਂ ਇਕ ਪਾਸੜ ਸੋਚ ਵਾਲੀ ਕਹਾਣੀਆਂ ਰਾਹੀਂ ਪੰਜਾਬ ਦੇ ਘਟਗਿਣਤੀ ਪਾਠਕ ਕੀ ਪ੍ਰਭਾਵ ਕਬੂਲਣਗੇ? ਕੀ ਇਹ ਪੁਸਤਕ ਉਸ ਨਫ਼ਰਤੀ ਖਾਈ ਨੂੰ ਹੋਰ ਚੌੜਾ ਕਰੇਗੀ ਜਾਂ ਭਰੇਗੀ? ਅਜਿਹੇ ਸਵਾਲ ਵੀ ਪੁਸਤਕ ਪੜ੍ਹ ਕੇ ਆਮ ਪਾਠਕ ਦੇ ਮਨ ਅੰਦਰ ਪੈਦਾ ਹੋਣੇ ਸੁਭਾਵਿਕ ਹਨ।
-ਡਾ.ਧਰਮਪਾਲ ਸਾਹਿਲ
ਮੋਬਾਈਲ : 98761-56964
ਜਲਾਵਤਨ
ਮੂਲ ਲੇਖਕ : ਗਾਜ਼ਾ ਮੋਨੋਲਾਗ਼ਜ਼
ਅਨੁਵਾਦ : ਕਮਲ ਦੁਸਾਂਝ
ਸੰਪਾਦਕ : ਸੁਸ਼ੀਲ ਦੁਸਾਂਝ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ ਲੁਧਿਆਣਾ
ਮੁੱਲ : 250 ਰੁਪਏ , ਸਫ਼ੇ : 162
ਸੰਪਰਕ : 98887-99871

ਗਾਜ਼ਾ ਉੱਤੇ 2023-25 ਦੌਰਾਨ ਹੋਏ ਹਮਲਿਆਂ ਦੀ ਗ਼ੈਰ-ਮਨੁੱਖੀ ਅਤੇ ਹੈਵਾਨੀਅਤ ਨਾਲ ਭਰੀ ਮਾਨਸਿਕਤਾ ਦੇ ਵਿਰੋਧ ਵਿਚ ਆਪਣੀ ਆਵਾਜ਼ ਬੁਲੰਦ ਕਰਨ ਲਈ ਫੀਦਾ ਜਿਤਿਸ ਨੇ ਅਰਬੀ ਭਾਸ਼ਾ ਤੋਂ ਅੰਗਰੇਜ਼ੀ ਭਾਸ਼ਾ 'ਚ, ਕਮਲ ਦੁਸਾਂਝ ਨੇ ਮਾਂ ਬੋਲੀ ਪੰਜਾਬੀ 'ਚ ਅਨੁਵਾਦ ਕਰਕੇ ਤੇ ਸੁਸ਼ੀਲ ਦੁਸਾਂਝ ਨੇ ਇਸ ਪੁਸਤਕ ਦਾ ਸੰਪਾਦਨ ਕਰਕੇ ਜਿੱਥੇ ਸਾਰੀ ਦੁਨੀਆ ਦੇ ਲੋਕਾਂ ਤੱਕ ਗਾਜ਼ਾ ਦੇ ਲੋਕਾਂ ਉੱਤੇ ਹੋਣ ਵਾਲੇ ਤਸ਼ੱਦਦ ਦੀ ਗੱਲ ਪਹੁੰਚਾਈ ਹੈ, ਉੱਥੇ ਉਨ੍ਹਾਂ ਦੇ ਹੱਕ 'ਚ ਹਾਅ ਦਾ ਨਾਅਰਾ ਵੀ ਮਾਰਿਆ ਹੈ। ਇਸ ਪੁਸਤਕ 'ਚ ਦੁਨੀਆ ਦੇ ਸੰਵੇਦਨਸ਼ੀਲ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਨਾਮਵਰ ਲੇਖਕਾਂ ਦੇ 77 ਲੇਖ ਹਨ। ਇਸ ਪੁਸਤਕ ਨੂੰ ਆਪਣੀ ਧਰਤੀ ਅਤੇ ਆਪਣੀ ਹੋਂਦ ਲਈ ਲੜ ਰਹੇ ਲੋਕਾਂ ਨੂੰ ਸਮਰਪਿਤ ਕਰਨਾ ਲੇਖਕ, ਅਨੁਵਾਦਕ ਅਤੇ ਸੰਪਾਦਕ ਦੀ ਸੰਵੇਦਨਸ਼ੀਲ, ਵਿਚਾਰਸ਼ੀਲ ਅਤੇ ਪ੍ਰਗਤੀਸ਼ੀਲ ਸੋਚ ਦੀ ਹਾਮੀ ਭਰਦਾ ਹੈ । ਗਾਜ਼ਾ ਦੇ ਬੱਚੇ ਅੱਜ ਵੀ ਨਾਕੇਬੰਦੀ ਅਤੇ ਯੁੱਧ ਦੀ ਮਾਰ ਝੱਲ ਰਹੇ ਹਨ। ਹਮਲਿਆਂ ਨੇ ਗਾਜ਼ਾ ਨੂੰ ਇੱਕ ਖੁੱਲੀ ਜੇਲ੍ਹ ਬਣਾ ਦਿੱਤਾ ਹੈ। ਗਾਜਾ ਦੇ ਲੋਕਾਂ ਤੋਂ ਸਿੱਖਿਆ, ਸਿਹਤ ਅਤੇ ਸੁਰੱਖਿਆ ਦੇ ਅਧਿਕਾਰ ਖੋਹ ਲਏ ਗਏ ਹਨ। ਅਸਤਰ ਥੀਏਟਰ ਦੀ ਮੁਹਿੰਮ ਦੇ ਮਾਧਿਅਮ ਰਾਹੀਂ ਇਸ ਸੰਕਟ ਨੂੰ ਦੁਨੀਆ ਦੇ ਲੋਕਾਂ ਸਾਹਮਣੇ ਉਜਾਗਰ ਕੀਤਾ ਗਿਆ ਹੈ ਅਤੇ ਗਾਜ਼ਾ ਦੇ ਬੱਚਿਆਂ ਦੇ ਅਧਿਕਾਰਾਂ ਦੀ ਵਕਾਲਤ ਕੀਤੀ ਗਈ ਹੈ। ਇਸ ਪੁਸਤਕ ਦੇ ਹਰਫ ਦੁਨੀਆ ਨੂੰ ਆਵਾਜ਼ ਮਾਰ ਕੇ ਇਹ ਸੁਨੇਹਾ ਦੇ ਰਹੇ ਹਨ ਕਿ ਦਰਦ ਅਤੇ ਪੀੜ ਦੀ ਕੋਈ ਸਰਹੱਦ ਨਹੀਂ ਹੁੰਦੀ। ਅਜੋਕੇ ਦੌਰ 'ਚ ਕੇਵਲ ਗਾਜ਼ਾ ਹੀ ਨਹੀਂ ਸਗੋਂ ਸਾਰੀ ਦੁਨੀਆ ਦੇ ਨਾਲ-ਨਾਲ ਕੁਦਰਤ, ਧਰਤੀ ਸਭ ਕੁਝ ਹੀ ਮੁਨਾਫੇ ਦੀ ਅੱਗ ਦੀ ਲਪੇਟ ਵਿਚ ਆ ਗਏ ਹਨ। ਇਸ ਵਿਨਾਸ਼ ਦੀ ਅੱਗ ਦੀਆਂ ਲਾਟਾਂ ਉੱਤੇ ਕਾਬੂ ਪਾਉਣ ਲਈ ਕੇਵਲ ਗਾਜ਼ਾ ਦੇ 'ਅਸਤਰ' ਹੀ ਨਹੀਂ ਸਗੋਂ ਦੁਨੀਆ ਭਰ ਦੇ ਅਸਤਰ ਅਤੇ ਅਮਨ ਪਸੰਦ ਲੋਕਾਂ ਦੀਆਂ ਆਵਾਜ਼ਾਂ ਇਕਮੁੱਠ ਹੋ ਕੇ ਇਸ ਦਰਿੰਦਗੀ ਵਿਰੁੱਧ ਲਾਮਬੰਦ ਹੋਣ। ਅੰਗ੍ਰੇਜ਼ੀ ਤੋਂ ਪੰਜਾਬੀ ਭਾਸ਼ਾ 'ਚ ਅਨੁਵਾਦ ਕਰਦਿਆਂ ਵਾਕਾਂ ਦੀ ਬਣਤਰ, ਸੁਆਦਲੀ ਅਤੇ ਦਿਲਚਸਪ ਸ਼ੈਲੀ ਅਤੇ ਪੇਸ਼ਕਾਰੀ ਕਮਲ ਦੁਸਾਂਝ ਅਤੇ ਸੁਸ਼ੀਲ ਦੁਸਾਂਝ ਦੀ ਭਾਸ਼ਾ ਉੱਤੇ ਪਕੜ ਅਤੇ ਸਾਹਿਤਕ ਪ੍ਰਪੱਕਤਾ ਨੂੰ ਦਰਸਾਉਂਦੀ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਅਦਾਲਤਾਂ ਅੰਦਰਲਾ
ਸੱਚ!
ਲੇਖਕ : ਐਡਵੋਕੇਟ ਨਰਿੰਦਰ ਪਾਲ ਸਿੰਘ ਚਾਹਿਲ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 156
ਸੰਪਰਕ : 98145-15530

ਐਡਵੋਕੇਟ ਨਰਿੰਦਰ ਪਾਲ ਸਿੰਘ ਚਾਹਿਲ ਨੇ 35 ਸਾਲ ਮੋਗੇ ਦੀਆਂ ਅਦਾਲਤਾਂ ਵਿਚ ਵਕਾਲਤ ਕੀਤੀ ਹੈ ਅਤੇ ਇਹ ਪੁਸਤਕ ਉਸ ਦੇ ਇਨ੍ਹਾਂ ਸਾਲਾਂ ਵਿਚ ਅਰਜਿਤ ਕੀਤੇ ਤਜਰਬਿਆਂ ਦੇ ਆਧਾਰ 'ਤੇ ਲਿਖੀ ਗਈ ਹੈ। ਇਹ ਪੁਸਤਕ ਅਦਾਲਤਾਂ ਦੇ ਨਾਲ-ਨਾਲ ਵਕੀਲਾਂ ਅਤੇ ਜੱਜਾਂ ਦੀ ਕਾਰਗੁਜ਼ਾਰੀ 'ਤੇ ਵੀ ਪ੍ਰਸ਼ਨ ਚਿੰਨ੍ਹ ਲਾਉਂਦੀ ਹੈ। ਇਥੇ ਚੱਲ ਰਹੇ ਭ੍ਰਿਸ਼ਟਾਚਾਰ ਅਤੇ ਧੱਕੇਸ਼ਾਹੀਆਂ ਨੂੰ ਬੇਨਕਾਬ ਕਰਦੀ ਇਹ ਪੁਸਤਕ ਇਨਸਾਫ਼ ਦਾ ਘਰ ਕਹੀਆਂ ਜਾਣ ਵਾਲੀਆਂ ਇਨ੍ਹਾਂ ਅਦਾਲਤਾਂ ਦੇ ਕਈ ਰਾਜ਼ ਖੋਲ੍ਹਦੀ ਹੈ। ਲੇਖਕ ਇਸ ਗੱਲ ਨੂੰ ਵੀ ਵਿਸ਼ਾ ਬਣਾਉਂਦਾ ਹੈ ਕਿ ਇਨ੍ਹਾਂ ਅਦਾਲਤਾਂ ਵਿਚ ਲੋਕਾਂ ਨੂੰ ਨਿਆਂ ਮਿਲ ਰਿਹਾ ਹੈ ਜਾਂ ਨਹੀਂ ਤੇ ਜੇ ਨਿਆਂ ਨਹੀਂ ਪ੍ਰਾਪਤ ਹੋ ਰਿਹਾ ਤਾਂ ਇਸ ਪਿੱਛੇ ਜੱਜਾਂ ਅਤੇ ਵਕੀਲਾਂ ਦੀ ਕੀ ਕਾਰਗੁਜ਼ਾਰੀ ਹੈ। ਵਕੀਲ ਭਾਈਚਾਰਾ ਸੱਚਮੁੱਚ ਆਪਣੇ ਲੋਕਾਂ ਨੂੰ ਸਹੀ ਕਾਨੂੰਨ ਅਨੁਸਾਰ ਨਿਆਂ ਦਿਵਾ ਰਹੇ ਹਨ ਜਾਂ ਹਰ ਪਾਸੇ ਕੇਵਲ ਝੂਠ ਦਾ ਹੀ ਬੋਲਬਾਲਾ ਹੈ। ਇਹ ਪੁਸਤਕ 63 ਲੇਖਾਂ ਦੀ ਮਦਦ ਨਾਲ ਅਜਿਹੇ ਕਈ ਕੇਸਾਂ, ਝੂਠੀਆਂ ਗਵਾਹੀਆਂ ਅਤੇ ਸ਼ੋਸ਼ਣ ਆਦਿ ਬਾਰੇ ਜਾਣਕਾਰੀ ਦਿੰਦੀ ਹੈ। ਲੇਖਕ ਇਥੇ ਕਈ ਕ੍ਰਪਟ ਜੱਜਾਂ ਦੀ ਕਹਾਣੀ ਸੁਣਾਉਂਦਾ ਹੈ ਤੇ ਕਈ ਵਾਰ ਅਦਾਲਤ ਵਿਚ ਜੱਜਾਂ ਦੁਆਰਾ ਕੀਤੇ ਰਹਿਮ ਦੀ ਕਹਾਣੀ ਬਿਆਨ ਕਰਦਾ ਹੈ। ਕਦੀ ਕਿਸੇ ਮੁਜਰਮ ਨੂੰ ਜਮਾਨਤ ਦੇ ਦੇਣੀ ਦੇ ਬਿਰਤਾਂਤ ਹਨ, ਜੋ ਵੱਖਰੇ ਵੱਖਰੇ ਜੱਜਾਂ ਦੇ ਵਤੀਰਿਆਂ ਨੂੰ ਰੇਖਾਂਕਿਤ ਕਰਦਾ ਹੈ। ਕਈ ਬਿਰਤਾਂਤ ਉਨ੍ਹਾਂ ਕੇਸਾਂ ਨੂੰ ਬਿਆਨ ਕਰਦੇ ਹਨ, ਜਿਨ੍ਹਾਂ ਵਿਚ ਮੁਜਰਮਾਂ ਨੇ ਦਰਦਨਾਕ ਢੰਗ ਨਾਲ ਜੁਰਮ ਕੀਤਾ ਜਾਂ ਕਿਸੇ ਦੀ ਜਾਨ ਲਈ ਤੇ ਉਨ੍ਹਾਂ ਦੇ ਕੇਸਾਂ ਬਾਰੇ ਸਾਰੀ ਕਾਰਵਾਈ ਲੇਖਕ ਨੇ ਇਨ੍ਹਾਂ ਲੇਖਾਂ ਵਿਚ ਬਿਆਨ ਕੀਤੀ ਹੈ। ਇਸ ਢੰਗ ਨਾਲ ਇਹ ਪੁਸਤਕ ਇਸ ਦੇਸ਼ ਦੀ ਕਾਨੂੰਨ ਵਿਵਸਥਾ ਦੇ ਕਈ ਗੁੱਝੇ ਭੇਦ ਖੋਲ੍ਹਦੀ ਹੈ। ਇੱਥੇ ਇਹ ਵੀ ਸੱਚ ਹੈ ਕਿ ਇਨ੍ਹਾਂ ਸਾਰੀਆਂ ਸੱਚਾਈਆਂ ਨੂੰ ਲੋਕ ਪਹਿਲਾਂ ਤੋਂ ਜਾਣਦੇ ਵੀ ਹਨ, ਪਰ ਐਡਵੋਕੇਟ ਨਰਿੰਦਰ ਪਾਲ ਸਿੰਘ ਨੇ ਇਹ ਹਿੰਮਤ ਕੀਤੀ ਅਤੇ ਇਨ੍ਹਾਂ ਸਾਰੀਆਂ ਸੱਚਾਈਆਂ ਨੂੰ ਪੁਸਤਕ ਰੂਪ ਵਿਚ ਪੇਸ਼ ਕਰਕੇ ਇਸ ਖੇਤਰ ਵਿਚ ਨਿਵੇਕਲਾ ਉਪਰਾਲਾ ਕੀਤਾ ਹੈ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਪਾਠਕਨਾਮਾ
ਸੰਪਾਦਕ : ਨੇਹਾ ਨਾਯਾਬ, ਰਾਜੇਸ਼ ਬਰਾਜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 299 ਰੁਪਏ, ਸਫ਼ੇ : 227
ਸੰਪਰਕ : 98152-98459

ਵਿਸ਼ਵ ਦੇ ਸ਼ਾਹਕਾਰ ਨਾਵਲਾਂ ਦੇ ਬਿਰਤਾਂਤ ਅਤੇ ਉਨ੍ਹਾਂ ਵਿਚ ਨਿਰੂਪਿਤ ਮਾਨਵੀ ਰਿਸ਼ਤਿਆਂ ਦੀ ਗਰਾਮਰ ਦੇ ਮਰਮੱਗ ਚਿੰਤਕ ਸ੍ਰੀ ਜੰਗ ਬਹਾਦਰ ਗੋਇਲ ਦੀ ਨਿਗਰਾਨੀ ਹੇਠ ਵਿਉਂਤਬੱਧ ਇਹ ਆਲੋਚਨਾਤਮਿਕ ਪੁਸਤਕ, ਭਾਈ ਵੀਰ ਸਿੰਘ (ਸੁੰਦਰੀ) ਤੋਂ ਲੈ ਕੇ ਹਰਕੀਰਤ ਕੌਰ ਚਹਿਲ (ਆਦਮ ਵਹਿਣ) ਤੱਕ ਪੰਜਾਬੀ ਦੇ 16 ਨਾਵਲਾਂ ਦੀ ਬਿਰਤਾਂਤ-ਕਲਾ ਦਾ ਅਧਿਐਨ ਕਰਦੀ ਹੈ। ਹੋਰ ਨਾਵਲਾਂ ਵਿਚ ਪਵਿੱਤਰ ਪਾਪੀ, ਪੂਰਨਮਾਸ਼ੀ, ਪਿੰਜਰ, ਜੰਗੀ ਕੈਦੀ, ਸੜਕਾਂ 'ਤੇ ਕਮਰੇ, ਮੜ੍ਹੀ ਦਾ ਦੀਵਾ, ਬਾ-ਮੁਲਾਹਜ਼ਾ ਹੋਸ਼ਿਆਰ, ਏਹੁ ਹਮਾਰਾ ਜੀਵਣਾ, ਕੋਠੇ ਖੜਕ ਸਿੰਘ, ਲਾਲ ਬੱਤੀ, ਨਾਦ ਬਿੰਦ, ਯੁੱਧ ਨਾਦ, ਨਿਰਵਾਣ, ਬੋਲ ਮਰਦਾਨਿਆ! ਵਰਗੇ ਚਰਚਿਤ ਨਾਵਲਾਂ ਦੀ ਪਰਿਕਰਮਾ ਹੋਈ ਹੈ। ਇਨ੍ਹਾਂ ਨਾਵਲਾਂ ਬਾਰੇ ਲਿਖਣ ਵਾਲੇ ਸਾਰੇ ਆਲੋਚਕ ਬਿਰਤਾਂਤ-ਸ਼ਾਸਤਰ ਦੀ ਥਿਊਰੀ ਨੂੰ ਖ਼ੂਬ ਸਮਝਣ-ਵਿਚਾਰਨ ਵਾਲੀਆਂ ਹਸਤੀਆਂ ਹਨ। ਇਸ ਪੁਸਤਕ ਤੋਂ ਇਹ ਵੀ ਪਤਾ ਚਲਦਾ ਹੈ ਕਿ ਕਿਵੇਂ ਸੁਰਿੰਦਰ ਸਿੰਘ ਨਰੂਲਾ, ਸੋਹਣ ਸਿੰਘ ਸੀਤਲ, ਸੁਰਜੀਤ ਸਿੰਘ ਸੇਠੀ ਅਤੇ ਓਮ ਪ੍ਰਕਾਸ਼ ਗਾਸੋ ਵਰਗੇ ਕਦੇ ਪ੍ਰਸਿੱਧ ਰਹੇ ਨਾਵਲਕਾਰ ਵੀ ਟਾਈਮ-ਬਾਰ ਹੋ ਜਾਂਦੇ ਹਨ, ਤ੍ਰਾਸਦੀ ਦਾ ਸ਼ਿਕਾਰ ਹੋ ਜਾਂਦੇ ਹਨ।
ਪੰਜਾਬੀ ਦੇ ਇਨ੍ਹਾਂ 16 ਨਾਵਲਕਾਰਾਂ ਦੇ ਪ੍ਰਮੁੱਖ ਨਾਵਲਾਂ ਬਾਰੇ ਲਿਖਣ ਵਾਲੇ ਆਲੋਚਕ, ਨਾਵਲੀ-ਬਿਰਤਾਂਤ ਦੀ ਥਿਊਰੀ ਦੇ ਅਧਿਕਾਰੀ ਆਲੋਚਕ ਹਨ। ਹਾਲਾਂਕਿ ਸੁਖਬੀਰ ਕ੍ਰਿਤ ਨਾਵਲ 'ਸੜਕਾਂ 'ਤੇ ਕਮਰੇ' ਬਾਰੇ ਸ੍ਰੀ ਜੰਗ ਬਹਾਦਰ ਗੋਇਲ ਨੇ ਖ਼ੁਦ ਵੀ ਇਕ ਲੇਖ ਲਿਖਿਆ ਹੈ, ਪਰ ਨੇਹਾ ਨਾਯਾਬ ਅਤੇ ਰਾਜੇਸ਼ ਬਰਾਜ ਨੇ ਗੋਇਲ ਸਾਹਿਬ ਦੇ ਲੇਖਣ-ਕਾਰਜ ਤੋਂ ਪ੍ਰੇਰਿਤ ਹੋ ਕੇ ਕੁਝ ਹੋਰ ਨਾਵਲਾਂ ਬਾਰੇ ਬੜੀ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕੀਤੀ ਹੈ। ਇਹ ਸਾਰੇ ਆਲੋਚਕ ਯੂਨੀਵਰਸਿਟੀਆਂ-ਕਾਲਜਾਂ ਵਿਚ ਬੜੇ ਪ੍ਰਸਿੱਧ ਅਧਿਆਪਕਾਂ ਪਾਸੋਂ ਪੜ੍ਹੇ ਹਨ ਅਤੇ ਬਾਅਦ ਵਿਚ ਨਿਰੰਤਰ ਸਵੈ-ਅਧਿਐਨ ਦੀ ਟਕਸਾਲ ਵਿਚੋਂ ਰੌਸ਼ਨ-ਆਭੂਸ਼ਣ ਬਣ ਕੇ ਨਿਕਲੇ ਹਨ। ਪਰਵਿੰਦਰ ਕੌਰ ਸਿੱਧੂ, ਰਮਨਦੀਪ ਕੌਰ ਸਿੱਧੂ, ਮਨਦੀਪ ਕੌਰ ਰਾਏ, ਜਸ਼ਨ, ਮਨਜੀਤ ਸਿੰਘ, ਨਿਤੇਸ਼ ਗਿੱਲ, ਰਵਨੀਤ ਕੌਰ ਅਤੇ ਰਜਨੀਸ਼ ਜੱਸ ਵਰਗੇ ਪ੍ਰਬੁੱਧ ਆਲੋਚਕਾਂ ਨੇ ਆਪਣੇ-ਆਪਣੇ ਸੋਧ ਪੱਤਰਾਂ ਉੱਪਰ ਬਹੁਤ ਮਿਹਨਤ ਕੀਤੀ ਹੈ। ਇਹ ਸਾਰੇ ਲੇਖਕ ਇਕ ਵੱਟਸਐਪ ਗਰੁੱਪ 'ਸਾਹਿਤ ਸੰਜੀਵਨੀ' ਨਾਲ ਜੁੜੇ ਹੋਏ ਹਨ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136