ਛਾਜਲੀ, 28 ਮਾਰਚ (ਅਜਾਇਬ ਸਿੰਘ ਨੀਲੋਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿੱਚ ਨਰਸਰੀ ਅਤੇ ਪਲੇ-ਵੇ ਦੇ ਬੱਚਿਆਂ ਲਈ ਆਧੁਨਿਕ ਟੀਚਿੰਗ ਲਰਨਿੰਗ ਮੈਟੀਰੀਅਲ (ਟੀ ਐਲ ਐਮ) ਸਥਾਪਿਤ ਕੀਤੇ ਗਏ ਹਨ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਬੁੱਧੀਮਾਨੀ ਅਤੇ ਰਚਨਾਤਮਿਕ ਸੋਚ ਨੂੰ ਵਿਕਸਿਤ ਕਰਨ ਲਈ ਟੀ ਐਲ ਐਮ ਬਹੁਤ ਮਹੱਤਵਪੂਰਨ ਹਨ | ਉਨ੍ਹਾਂ ਕਿਹਾ ਕਿ ਖੇਡ-ਖੇਡ ਵਿੱਚ ਸਿੱਖਣ ਦੇ ਢੰਗ ਨੂੰ ਪ੍ਰਮੋਟ ਕਰਨ ਲਈ ਇਹ ਸਿੱਖਣ ਸਮਗਰੀ ਬੱਚਿਆਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ | ਉਨ੍ਹਾਂ ਹੋਰ ਕਿਹਾ ਕਿ ਇਸ ਨਵੇਂ ਉਪਰਾਲੇ ਨਾਲ ਬੱਚਿਆਂ ਵਿੱਚ ਸਿੱਖਣ ਪ੍ਰਤੀ ਰੁਚੀ ਵਧੇਗੀ ਅਤੇ ਉਹ ਖੁਸ਼ਮਿਜ਼ਾਜ ਮਾਹੌਲ ਵਿੱਚ ਆਸਾਨੀ ਨਾਲ ਨਵੀਆਂ ਗੱਲਾਂ ਸਿੱਖ ਸਕਣਗੇ | ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਕਦਮ ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਇੱਕ ਮਹੱਤਵਪੂਰਨ ਯੋਗਦਾਨ ਹੈ | ਅਖੀਰ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੇ ਭਲੇ ਲਈ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ |