ਕੌਹਰੀਆਂ, 28 ਮਾਰਚ (ਸੁਨੀਲ ਕੁਮਾਰ ਗਰਗ)-ਸ਼ਹੀਦ ਭਗਤ ਸਿੰਘ ਪੈੱ੍ਰਸ ਕਲੱਬ ਛਾਜਲੀ ਦੀ ਇੱਕ ਅਹਿਮ ਮੀਟਿੰਗ ਦੌਰਾਨ ਕਲੱਬ ਦੀ ਨਵੀਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਗਈ | ਮੀਟਿੰਗ ਵਿਚ ਇਲਾਕੇ ਦੇ ਪੱਤਰਕਾਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਦੇ ਹੋਏ ਕਲੱਬ ਦੀ ਮਜ਼ਬੂਤੀ ਅਤੇ ਪੱਤਰਕਾਰਤਾ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਹੋਈ ਚੋਣ ਪ੍ਰਕਿਰਿਆ ਦੌਰਾਨ ਜਸਵੀਰ ਸਿੰਘ ਲਾਡੀ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ, ਜਦਕਿ ਅਜਾਇਬ ਸਿੰਘ ਨੀਲੋਵਾਲ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ | ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਢਿੱਲੋਂ ਨੂੰ ਸਕੱਤਰ, ਹਰਿੰਦਰਜੀਤ ਸਿੰਘ ਧੋਥੜ ਨੂੰ ਸੀਨੀਅਰ ਮੀਤ ਪ੍ਰਧਾਨ, ਭੀਮ ਸੈਨ ਨੂੰ ਖ਼ਜ਼ਾਨਚੀ ਅਤੇ ਕੁਲਵਿੰਦਰ ਸਿੰਘ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ | ਨਵ-ਨਿਯੁਕਤ ਪ੍ਰਧਾਨ ਅਜਾਇਬ ਸਿੰਘ ਨੀਲੋਵਾਲ ਨੇ ਸਭ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਲੱਬ ਦੀ ਮਰਿਆਦਾ ਅਤੇ ਪੱਤਰਕਾਰ ਭਾਈਚਾਰੇ ਦੇ ਹਿਤਾਂ ਦੀ ਰੱਖਿਆ ਲਈ ਹਮੇਸ਼ਾ ਵਚਨਬੱਧ ਰਹਿਣਗੇ | ਉਨ੍ਹਾਂ ਕਿਹਾ ਕਿ ਪੱਤਰਕਾਰਤਾ ਵਿਚ ਨਿਰਪੱਖਤਾ ਅਤੇ ਸੱਚਾਈ ਨੂੰ ਬਰਕਰਾਰ ਰੱਖਣਾ ਕਲੱਬ ਦੀ ਪਹਿਲੀ ਤਰਜੀਹ ਹੋਵੇਗੀ | ਮੀਟਿੰਗ ਦੇ ਅੰਤ ਵਿਚ ਸਾਰੇ ਮੈਂਬਰਾਂ ਵਲੋਂ ਨਵੀਂ ਕਮੇਟੀ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਵਿਚ ਕਲੱਬ ਦੀ ਤਰੱਕੀ ਲਈ ਮਿਲਜੁਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ |