ਲੌਂਗੋਵਾਲ, 2 ਅਪ੍ਰੈਲ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀ. ਐਂਡ ਟੈਕਨੌਲੋਜੀ (ਸਲਾਈਟ ਡੀਮਡ ਯੂਨੀਵਰਸਿਟੀ) ਵਿਖੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਦੀ ਅਗਵਾਈ ਵਿਚ ਵਿਦਿਆਰਥੀਆਂ ਦਾ ਮਧੂਰਮ ਨਵਰੰਗ ਪ੍ਰੀ ਈਵੈਂਟ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਆਪਣੀ ਕਲਾ ਦੇ ਪ੍ਰਭਾਵਸਾਲੀ ਰੰਗ ਪੇਸ਼ ਕਰਦਿਆਂ ਮਹਿਮਾਨਾਂ, ਜੱਜਮੈਂਟ ਲਈ ਨਿਯੁਕਤ ਜੱਜਾਂ ਅਤੇ ਦਰਸ਼ਕ ਵਿਦਿਆਰਥੀਆਂ ਦੇ ਦਿਲਾਂ 'ਚ ਵਿਸ਼ੇਸ਼ ਥਾਂ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਪ੍ਰੋ: ਮਨੀਕਾਂਤ ਪਾਸਵਾਨ ਨੇ ਕਲਾਕਾਰ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਪੜ੍ਹਾਈ ਦੇ ਨਾਲ ਨਾਲ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਮਜਬੂਤ ਕਰਦੇ ਹੋਏ ਸੰਸਥਾ ਸਲਾਈਟ ਦਾ ਨਾਮ ਦੁਨੀਆਂ ਪੱਧਰ ਤੇ ਰੋਸ਼ਨ ਕਰਨ | ਇਸ ਮੌਕੇ ਲਗਭਗ 25 ਸਾਲਾਂ ਤੋਂ ਝੁੱਗੀਆਂ ਝੋਂਪੜੀਆਂ ਅਤੇ ਸਲੰਮ ਏਰੀਆਂ ਵਿੱਚ ਰਹਿਣ ਵਾਲੇ ਗ਼ਰੀਬਾਂ ਦੇ ਬੱਚਿਆਂ ਨੂੰ ਮੁਫ਼ਤ ਪੜਾਉਣ ਤੇ ਹੋਰਨਾਂ ਲੋੜਵੰਦਾਂ ਦੀ ਸੇਵਾ ਕਰਨ ਵਾਲੇ ਸਮਾਜ ਸੇਵੀ ਭਾਨ ਸਿੰਘ ਜੱਸੀ ਦਾ ਸ਼ਾਨਦਾਰ ਫੁਲਕਾਰੀ ਅਤੇ ਵਿਸ਼ੇਸ਼ ਹੈਂਡ ਬੈਗ ਨਾਲ ਸਨਮਾਨ ਕੀਤਾ ਗਿਆ | ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਡਾਇਰੈਟਰ ਪ੍ਰੋ. ਮਨੀਕਾਂਤ ਪਾਸਵਾਨ, ਪ੍ਰੋ. ਵੀ. ਕੇ ਕੁਕਰੇਜਾ ਡੀਨ ਸਟੂਡੈਂਟ ਵੈਲਫੇਅਰ, ਪ੍ਰੋ.ਇੰਦਰਾਜ ਸਿੰਘ ਚੇਅਰਮੈਨ ਮਧੂਰਮ 26, ਡਾ. ਮੁਹੰਮਦ ਮਜੀਦ ਵਾਈਸ ਚੇਅਰਮੈਨ, ਇੰਜ. ਅਨੁਸਕਾ ਬਾਂਸਲ ਵਾਈਸ ਚੇਅਰਮੈਨ ਅਤੇ ਪ੍ਰੋ. ਮਨੋਜ ਗੋਇਲ, ਵਿਦਿਆਰਥੀਆਂ ਅਤੇ ਹੋਰਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਨਮਾਨ ਨਾਲ ਉਹ ਹੋਰ ਵੀ ਵਧੇਰੇ ਮਜ਼ਬੂਤ ਜਜ਼ਬੇ ਨਾਲ ਗਰੀਬ ਬੱਚਿਆਂ ਅਤੇ ਲੋੜਵੰਦਾਂ ਲੋਕਾਂ ਦੀ ਸੇਵਾ ਵਿੱਚ ਜੁਟੇ ਰਹਿਣਗੇ |