ਸੁਨਾਮ ਊਧਮ ਸਿੰਘ ਵਾਲਾ, 2 ਅਪ੍ਰੈਲ (ਧਾਲੀਵਾਲ, ਭੁੱਲਰ)-ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਅਤੇ ਜਨਰਲ ਸਕੱਤਰ ਰਾਜੀਵ ਜੈਨ ਨੇ ਦਵਾਈਆਂ ਦੀ ਵਿਕਰੀ ਨਾਲ ਸਬੰਧਿਤ ਨਵੇਂ ਪ੍ਰਸਤਾਵਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਡਰੱਗ ਟੈਕਨੀਕਲ ਐਡਵਾਈਜ਼ਰੀ ਬੋਰਡ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਨਵੇਂ ਸਰਕਾਰੀ ਫ਼ੈਸਲੇ ਨਾਲ ਸਿਰਫ਼ ਕੈਮਿਸਟਾਂ ਦੇ ਕਾਰੋਬਾਰ ਨੂੰ ਹੀ ਨੁਕਸਾਨ ਨਹੀ ਪਹੁੰਚੇਗਾ ਬਲਕਿ ਆਮ ਲੋਕਾਂ ਦੀ ਸਿਹਤ ਲਈ ਵੀ ਗੰਭੀਰ ਖ਼ਤਰਾ ਪੈਦਾ ਹੋਵੇਗਾ | ਸਭ ਤੋਂ ਵੱਧ ਵਿਰੋਧ ਉਨ੍ਹਾਂ ਪ੍ਰਸਤਾਵਾਂ ਦਾ ਕੀਤਾ ਜਾ ਰਿਹਾ ਹੈ ਜੋ ਸ਼ਡਿਊਲ ਐੱਚ.ਐੱਚ 1 ਅਤੇ ਐਕਸ ਜਿਹੀਆਂ ਸੰਵੇਦਨਸ਼ੀਲ ਦਵਾਈਆਂ ਦੀ ਇਸ਼ਤਿਹਾਰਬਾਜ਼ੀ ਦੀ ਆਗਿਆ ਦਿੰਦੇ ਹਨ | ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਸਵੈ-ਦਵਾਈ ਨੂੰ ਉਤਸ਼ਾਹਿਤ ਕਰੇਗਾ, ਜੋ ਜਨਤਕ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ | ਜੇਕਰ ਸਰਕਾਰ ਜ਼ਬਰਦਸਤੀ ਕਾਰਵਾਈਆਂ ਕਰਦੀ ਹੈ, ਤਾਂ ਕੈਮਿਸਟ ਸੜਕਾਂ 'ਤੇ ਉਤਰ ਆਉਣਗੇ, ਅਤੇ ਸਰਕਾਰ ਨੂੰ ਨਤੀਜੇ ਭੁਗਤਣੇ ਪੈਣਗੇ | ਉਨ੍ਹਾਂ ਇਹ ਮੁੱਦਾ ਵੀ ਉਠਾਇਆ ਕਿ ਢੁਕਵੀਂ ਤਿਆਰੀ ਤੋਂ ਬਿਨਾਂ ਚੰਗੇ ਵੰਡ ਅਭਿਆਸਾਂ ਨੂੰ ਲਾਗੂ ਕਰਨ ਨਾਲ ਛੋਟੇ ਵਪਾਰੀਆਂ 'ਤੇ ਭਾਰੀ ਬੋਝ ਪਵੇਗਾ | ਨਿਯਮ 64 ਵਿੱਚ ਪ੍ਰਸਤਾਵਿਤ ਸੋਧ ਐਮ.ਐਸ.ਐਮ.ਈ. ਕੈਮਿਸਟਾਂ ਲਈ ਨਵੀਆਂ ਮੁਸ਼ਕਲਾਂ ਪੈਦਾ ਕਰੇਗੀ | ਇਸ ਤੋਂ ਇਲਾਵਾ, ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਨਿਕੋਟੀਨ ਨਾਲ ਸਬੰਧਿਤ ਨਿਯਮਾਂ ਵਿਚ ਢਿੱਲ ਦੇਣ ਨਾਲ ਦੁਰਵਰਤੋਂ ਵਧ ਸਕਦੀ ਹੈ | ਉਨ੍ਹਾਂ ਸਪਸ਼ਟ ਤੌਰ 'ਤੇ ਬਿਨਾਂ ਲਾਇਸੈਂਸ ਵਾਲੀਆਂ ਫਾਰਮੈਸੀਆਂ ਅਤੇ ਦਵਾਈਆਂ ਦੀ ਆਨਲਾਈਨ ਵਿਕਰੀ 'ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਕਿਉਂਕਿ ਇਹ ਗੈਰ-ਕਾਨੂੰਨੀ ਵਪਾਰ ਨਾਂ ਸਿਰਫ਼ ਸਰਕਾਰ ਦੇ ਮਾਲੀਏ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਸਗੋਂ ਮਰੀਜ਼ਾਂ ਦੀਆਂ ਜਾਨਾਂ ਨੂੰ ਵੀ ਖ਼ਤਰੇ ਵਿਚ ਪਾ ਰਿਹਾ ਹੈ |