ਛਾਜਲੀ, 3 ਅਪ੍ਰੈਲ (ਅਜਾਇਬ ਸਿੰਘ ਨੀਲੋਵਾਲ)-ਇਲਾਕੇ ਦੇ ਖੇਤਾਂ ਵਿੱਚ ਚੋਰਾਂ ਵੱਲੋਂ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਕਈ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ | ਜਾਣਕਾਰੀ ਅਨੁਸਾਰ ਚੋਰਾਂ ਨੇ ਆਲੇ-ਦੁਆਲੇ ਦੇ ਖੇਤਾਂ ਵਿੱਚੋਂ ਟਿਊਬਵੈੱਲ ਮੋਟਰਾਂ ਦੀਆਂ ਤਾਰਾਂ ਕੱਟ ਕੇ ਇਕੱਠੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਦਰਸ਼ਨ ਸਿੰਘ ਦੇ ਮੋਟਰ ਵਾਲੇ ਕੋਠੇ ਵਿੱਚ ਲਿਆ ਕੇ ਸਾੜ ਦਿੱਤਾ | ਚੋਰਾਂ ਨੇ ਕੋਠੇ ਦਾ ਗੇਟ ਬੰਦ ਕਰ ਕੇ ਅੰਦਰ ਤਾਰਾਂ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਕੋਠੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਮੋਟਰ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ | ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲਗਭਗ 35 ਤੋਂ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ | ਸੰਗਤੀਵਾਲਾ ਦੇ ਇਕ ਹੋਰ ਕਿਸਾਨ ਨੇ ਦੱਸਿਆ ਕਿ ਤਿੰਨ ਪਿੰਡਾਂ ਦੀ ਹੱਦ ਵਿੱਚ ਪੈਂਦੇ ਖੇਤਾਂ ਵਿੱਚ ਇਹ ਘਟਨਾ ਵਾਪਰੀ ਹੈ, ਜਿੱਥੇ ਲਗਭਗ 20 ਤੋਂ ਵੱਧ ਮੋਟਰਾਂ ਦੀਆਂ ਤਾਰਾਂ ਕੱਟੀਆਂ ਗਈਆਂ | ਉਨ੍ਹਾਂ ਮੁਤਾਬਕ ਉਨ੍ਹਾਂ ਦਾ ਆਪਣਾ ਵੀ 20-25 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ, ਜਦਕਿ ਹੋਰ ਕਿਸਾਨਾਂ ਦਾ ਵੀ 10 ਤੋਂ 15 ਹਜ਼ਾਰ ਰੁਪਏ ਤੱਕ ਨੁਕਸਾਨ ਹੋਇਆ | ਅਮਰਜੀਤ ਸਿੰਘ ਨੇ ਕਿਹਾ ਕਿ ਇਹ ਕੋਈ ਨਵੀਂ ਘਟਨਾ ਨਹੀਂ, ਸਗੋਂ ਪਿਛਲੇ 5-6 ਸਾਲਾਂ ਤੋਂ ਇਲਾਕੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਚੋਰੀਆਂ ਹੋ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਵਾਰ ਲਗਭਗ 35 ਤੋਂ 40 ਮੋਟਰਾਂ ਪ੍ਰਭਾਵਿਤ ਹੋਈਆਂ ਹਨ | ਰਜਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਮੋਟਰ ਤੋਂ ਵੀ 40-50 ਫੁੱਟ ਕੇਬਲ ਚੋਰੀ ਹੋਈ ਹੈ ਅਤੇ ਚੋਰਾਂ ਨੇ ਕੋਠੇ ਦੇ ਜਿੰਦੇ ਤੋੜ ਕੇ ਅੰਦਰ ਦਾਖਲ ਹੋ ਕੇ ਨੁਕਸਾਨ ਕੀਤਾ | ਤਾਰੀ ਸਿੰਘ ਨੇ ਵੀ ਦੱਸਿਆ ਕਿ ਉਨ੍ਹਾਂ ਦੀ ਮੋਟਰ ਦਾ ਕੇਬਲ ਕੱਟ ਕੇ ਲੈ ਜਾਇਆ ਗਿਆ ਅਤੇ ਪਾਈਪਾਂ ਨੂੰ ਵੀ ਤੋੜਿਆ ਗਿਆ | ਕਿਸਾਨਾਂ ਨੇ ਦੋਸ਼ ਲਾਇਆ ਕਿ ਇਹ ਸਾਰੀਆਂ ਘਟਨਾਵਾਂ ਨਸ਼ੇੜੀਆਂ ਵੱਲੋਂ ਕੀਤੀਆਂ ਜਾ ਰਹੀਆਂ ਹਨ, ਜੋ ਤਾਰਾਂ ਨੂੰ ਵੇਚ ਕੇ ਨਸ਼ਾ ਕਰਦੇ ਹਨ | ਉਨ੍ਹਾਂ ਕਿਹਾ ਕਿ ਖੇਤ ਦੂਰ-ਦਰਾਜ ਹੋਣ ਕਰ ਕੇ ਰਾਤ ਸਮੇਂ ਰੱਖਿਆ ਕਰਨਾ ਮੁਸ਼ਕਿਲ ਹੈ, ਜਿਸ ਦਾ ਫ਼ਾਇਦਾ ਚੋਰ ਉਠਾ ਰਹੇ ਹਨ | ਦੂਜੇ ਪਾਸੇ ਪੁਲਿਸ ਨੇ ਸ਼ਿਕਾਇਤ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਰੋਕ ਲੱਗ ਸਕੇ |