ਧੂਰੀ, 3 ਅਪ੍ਰੈਲ (ਸੰਜੇ ਲਹਿਰੀ) - ਡਾਇਰੈਕਟਰ, ਕਾਂਸਟੀਚੂਐਂਟ ਕਾਲਜਾਂ ਦੇ ਦਫ਼ਤਰ ਵਿਖੇ ਸੈਸ਼ਨ 2026-27 ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਾਖ਼ਲਿਆਂ ਦੇ ਸਬੰਧ ਵਿਚ ਇਕੱਤਰਤਾ ਹੋਈ ਜਿਸ ਦੀ ਪ੍ਰਧਾਨਗੀ ਡੀਨ, ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕੀਤੀ | ਇਕੱਤਰਤਾ ਵਿੱਚ ਯੂਨੀਵਰਸਿਟੀ ਕਾਲਜ ਬੇਨੜਾ ਦੇ ਪਿ੍ੰਸੀਪਲ ਡਾ. ਹਰਵਿੰਦਰ ਸਿੰਘ ਮੰਡ ਤੋਂ ਇਲਾਵਾ ਸਮੂਹ ਕਾਂਸਟੀਚੂਐਂਟ ਕਾਲਜਾਂ ਦੇ ਪਿ੍ੰਸੀਪਲ ਸਾਹਿਬਾਨ ਨੇ ਵੀ ਸ਼ਿਰਕਤ ਕੀਤੀ | ਕਾਲਜ ਪਿ੍ੰਸੀਪਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ, ਅਕਾਦਮਿਕ ਮਾਮਲੇ ਨੇ ਕਿਹਾ ਕਿ ਯੂਨੀਵਰਸਿਟੀ ਕਾਲਜ ਵਿੱਦਿਅਕ ਤੌਰ 'ਤੇ ਪਛੜੇ ਖੇਤਰ ਵਿਚ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਅਗਵਾਈ ਵਿਚ ਖੋਲ੍ਹੇ ਗਏ ਸਨ | ਇਹ ਕਾਲਜ ਆਪਣੀ ਕਾਰਗੁਜ਼ਾਰੀ ਸਦਕਾ ਉੱਚ ਸਿੱਖਿਆ ਦੇ ਖੇਤਰ ਵਿਚ ਵਡੇਰਾ ਯੋਗਦਾਨ ਪਾ ਰਹੇ ਹਨ ਅਤੇ ਵਿੱਦਿਅਕ ਤੌਰ 'ਤੇ ਪਛੜੇ ਇਲਾਕਿਆਂ ਲਈ ਚਾਨਣ ਮੁਨਾਰਾ ਬਣ ਕੇ ਉੱਭਰੇ ਹਨ | ਕਾਲਜ ਪਿ੍ੰਸੀਪਲ ਨੇ ਕਿਹਾ ਕਿ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਇਕੱਤਰਤਾ ਤੋਂ ਬਾਅਦ ਨਵੇਂ ਵਿੱਦਿਅਕ ਸੈਸ਼ਨ ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ | ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਇਸ ਕਾਲਜ ਵਿੱਚ ਦਾਖ਼ਲ ਕਰਵਾਉਣ ਤਾਂ ਕਿ ਘੱਟ ਖ਼ਰਚੇ 'ਤੇ ਉਨ੍ਹਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਾਪਤ ਹੋ ਸਕੇ ਅਤੇ ਹਰ ਤਰ੍ਹਾਂ ਦੀਆਂ ਸਰਕਾਰੀ ਸਕੀਮਾਂ ਦਾ ਵਿਦਿਆਰਥੀ ਲਾਭ ਲੈ ਸਕਣ | ਉਨ੍ਹਾਂ ਕਿਹਾ ਯੂਨੀਵਰਸਿਟੀ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਯੂਨੀਵਰਸਿਟੀ ਕਾਲਜਾਂ ਦੀ ਬਿਹਤਰੀ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ |