ਮਲੇਰਕੋਟਲਾ, 3 ਅਪ੍ਰੈਲ (ਮਨਜਿੰਦਰ ਸਿੰਘ ਸਰੌਦ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਲੇਰਕੋਟਲਾ ਹਲਕੇ ਅੰਦਰ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਰਹੀਆਂ ਹਨ | ਜਿਸ ਦੇ ਸੰਦਰਭ 'ਚ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਆਖਿਆ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਸਰਪੰਚ ਗੁਰਮੁੱਖ ਖ਼ਾਨਪੁਰ ਨੇ ਆਖਿਆ ਕਿ ਮਲੇਰਕੋਟਲਾ ਵਿਖੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਸੀਨੀਅਰ ਆਗੂ ਮੁਹੰਮਦ ਅਖ਼ਤਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ | ਉਨ੍ਹਾਂ ਕਿਹਾ ਕਿ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਦੀ ਅਗਵਾਈ ਹੇਠ ਇੱਕ ਖ਼ਾਸ ਪ੍ਰੋਗਰਾਮ ਦੌਰਾਨ ਨਵੇਂ ਆਗੂਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਹਰ ਵਰਕਰ ਨੂੰ ਪੂਰਾ ਮਾਣ-ਸਤਿਕਾਰ ਮਿਲਦਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਉਦੇਸ਼ ਲੋਕਾਂ ਦੀ ਸੇਵਾ ਤੇ ਇਲਾਕੇ ਦਾ ਸਰਬਪੱਖੀ ਵਿਕਾਸ ਕਰਨਾ ਹੈ | ਮੁਹੰਮਦ ਅਖ਼ਤਰ ਨੇ ਕਿਹਾ ਕਿ ਉਹ ਮਲੇਰਕੋਟਲਾ ਵਿੱਚ ਹੋ ਰਹੇ ਵਿਕਾਸ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ | ਉਨ੍ਹਾਂ ਦੱਸਿਆ ਕਿ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੀ ਅਗਵਾਈ ਹੇਠ ਇਲਾਕੇ ਵਿੱਚ ਹੋ ਰਹੀ ਤਰੱਕੀ ਤੇ ਲੋਕ-ਹਿਤੈਸ਼ੀ ਨੀਤੀਆਂ ਨੇ ਉਨ੍ਹਾਂ ਨੂੰ ਰਵਾਇਤੀ ਪਾਰਟੀ ਛੱਡਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਭਰੋਸਾ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰਨਗੇ | ਹਲਕਾ ਵਿਧਾਇਕ ਨੇ ਆਖਿਆ ਕਿ ਇਸ ਦੌਰਾਨ ਮੁਹੰਮਦ ਆਸਲਮ, ਮੁਹੰਮਦ ਸਾਬਰ, ਰਾਜੂ, ਬੱਗਾ, ਸੰਨੀ, ਗੋਸੀ ਵੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਕੇ ਪਾਰਟੀ ਦੇ ਕਾਫ਼ਲੇ ਦਾ ਹਿੱਸਾ ਬਣੇ ਹਨ | ਨਵੇਂ ਸ਼ਾਮਿਲ ਹੋਏ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾਵੇਗਾ | ਇਸ ਮੌਕੇ ਪੀ.ਏ. ਸਰਪੰਚ ਗੁਰਮੁਖ ਸਿੰਘ ਖ਼ਾਨਪੁਰ, ਚੇਅਰਮੈਨ ਜਾਫ਼ਰ ਅਲੀ, ਯਾਸੀਨ ਨੇਸਤੀ, ਪ੍ਰਧਾਨ ਜਸਵੀਰ ਸਿੰਘ ਜੱਸੀ, ਯਾਸਰ ਅਰਾਫਾਤ ਸਣੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ |