ਲਹਿਰਾਗਾਗਾ, 4 ਅਪ੍ਰੈਲ (ਅਸ਼ੋਕ ਗਰਗ)-ਪਿਛਲੇ ਇੱਕ ਹਫ਼ਤੇ ਤੋਂ ਸ਼ਹਿਰ ਅੰਦਰ ਚੋਰ ਗਰੋਹ ਵੱਲੋਂ ਦੁਕਾਨ ਅੰਦਰ ਲੱਗੇ ਏ.ਸੀ ਦੇ ਬਾਹਰ ਕੰਧ ਨਾਲ ਲੱਗੇ ਆਊਟਡੋਰ ਤੋਂ ਕੌਪਰ ਪਾਈਪ ਕੱਟ ਕੇ ਲੈ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ | ਸ਼ਹਿਰ ਵਿੱਚ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਤੋਂ ਦੁਕਾਨਦਾਰ ਬੇਹੱਦ ਦੁਖੀ ਨਜ਼ਰਾਂ ਆ ਰਹੇ ਹਨ | ਅੰਡਰ ਪਾਸ ਪੁਲ ਕੋਲ ਚੋਰਾਂ ਨੇ ਇੱਕੋ ਰਾਤ 7 ਦੁਕਾਨਾਂ ਵਿਚ ਲੱਗੇ ਏ.ਸੀ ਦੀਆਂ ਕੌਪਰ ਪਾਈਪਾਂ ਕੱਟ ਕੇ ਲੈ ਜਾਣ ਤੋਂ ਬਾਅਦ ਟਾਵਰਾਂ ਲਵੇ ਆਰ.ਕੋਜ ਫ਼ੈਕਟਰੀ ਦੇ ਤਿੰਨ ਏ.ਸੀ ਦੀਆਂ ਆਊਟ ਡੋਰ ਨਾਲ ਲੱਗੀਆਂ ਕੌਪਰ ਦੀਆਂ ਪਾਈਪਾਂ ਕੱਟ ਕੇ ਲੈ ਗਏ ਹਨ | ਫ਼ੈਕਟਰੀ ਦੇ ਮਾਲਕ ਗਗਨ ਬਾਂਸਲ ਨੇ ਦੱਸਿਆ ਹੈ ਕਿ ਇਸ ਘਟਨਾ ਬਾਰੇ ਉਨ੍ਹਾਂ ਨੂੰ ਜਦੋਂ ਸਵੇਰੇ ਪਤਾ ਲੱਗਿਆ ਤਾਂ ਇਸ ਘਟਨਾ ਬਾਰੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ ਗਈ | ਪਤਾ ਲੱਗਿਆ ਹੈ ਕਿ ਚੋਰ ਜੋ ਕੌਪਰ ਪਾਈਪ ਕੱਟ ਕੇ ਲੈ ਜਾ ਰਹੇ ਹਨ ਉਹ ਕਵਾੜ ਵਿੱਚ 200 ਰੁਪਏ ਤੱਕ ਦੀ ਵਿਕੇਗੀ ਜਦ ਕਿ ਦੁਕਾਨਦਾਰ ਨੂੰ ਇੱਕ ਏ.ਸੀ ਦੀ ਪਾਈਪ ਪਵਾਉਣ ਲਈ 6 ਤੋਂ 7 ਖ਼ਰਚ ਕਰਨਾ ਪਵੇਗਾ | ਕਿਉਂਕਿ ਜਦੋਂ ਇਹ ਪਾਈਪ ਕੱਟ ਜਾਂਦੀ ਹੈ ਤਾਂ ਉਸ ਵਿੱਚੋਂ ਗੈੱਸ ਵੀ ਨਿਕਲ ਜਾਂਦੀ ਹੈ ਇਕੱਲੀ ਗੈੱਸ ਪਵਾਉਂਦਾ ਖਰਚਾ ਹੀ 3 ਹਜ਼ਾਰ ਰੁਪਏ ਦੇ ਕਰੀਬ ਹੈ | ਜਦੋਂ ਇਸ ਸਬੰਧੀ ਸਿਟੀ ਇੰਚਾਰਜ ਗੁਰਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਹੈ ਕਿ ਪੁਲਿਸ ਲਗਾਤਾਰ ਚੋਰਾਂ ਦੀ ਭਾਲ ਕਰ ਰਹੀ ਹੈ ਇਸ ਸਬੰਧ ਵਿੱਚ ਇੱਕ ਵਿਅਕਤੀ ਗੁਰਪ੍ਰੀਤ ਸਿੰਘ ਗੁਰੀ ਵਾਸੀ ਵਾਰਡ ਨੰਬਰ 4 ਲਹਿਰਾਗਾਗਾ ਨੂੰ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਹੈ ਕਿ ਸਹਾਇਕ ਥਾਣੇਦਾਰ ਸੱਤਪਾਲ ਸਿੰਘ ਸ਼ੱਕੀ ਵਿਅਕਤੀਆਂ ਦੀ ਭਾਲਦੇ ਸਬੰਧ ਵਿੱਚ ਗਸ਼ਤ ਕਰ ਰਹੇ ਸੀ ਤਾਂ ਅੜਕਵਾਸ ਰੋਡ 'ਤੇ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਉਸ ਕੋਲੋਂ ਏ.ਸੀ ਦੀ ਵਰਤੋਂ ਤੋਂ ਲਈ ਬਾਹਰਲੇ ਪਾਸੇ ਕੰਧ ਉੱਪਰ ਆਊਟਡੋਰ ਨਾਲ ਲੱਗੀਆਂ ਕੌਪਰ ਤਾਰਾਂ ਅਤੇ ਤਾਂਬੇ ਦੀ ਤਾਰ ਦੇ ਟੁਕੜਿਆਂ ਤੋ ਇਲਾਵਾ ਕੁੱਲਰ ਵਾਲੀ ਮੋਟਰ ਬਰਾਮਦ ਕੀਤੀ ਗਈ ਹੈ | ਕਾਬੂ ਕੀਤੇ ਵਿਅਕਤੀ ਪਾਸੋਂ ਹੋਰ ਵੀ ਪੁੱਛਗਿੱਛ ਜਾਰੀ ਹੈ |