ਲੌਂਗੋਵਾਲ, 4 ਅਪ੍ਰੈਲ (ਵਿਨੋਦ, ਖੰਨਾ)-ਦੇਸ਼ ਦੇ ਆਜ਼ਾਦ ਹੋਣ ਤੋਂ 80 ਵਰਿ੍ਹਆਂ ਉਪਰੰਤ ਵੀ ਦੇਸ਼ ਦੇ ਕਈ ਹਿੱਸਿਆਂ ਵਿਚ ਦੇਸ਼ ਵਾਸੀ ਮੂਲ ਸੁਵਿਧਾਵਾਂ ਨੂੰ ਤਰਸ ਰਹੇ ਹਨ | ਦਿਨੋਂ ਦਿਨ ਵੱਧ ਰਹੀ ਆਬਾਦੀ ਦੇ ਸੰਦਰਭ ਵਿੱਚ ਸਰਕਾਰਾਂ ਵੱਲੋਂ ਲੋਕਾਂ ਲਈ ਕੋਈ ਅਗਾਉਂ ਪ੍ਰਬੰਧ ਨਹੀਂ ਕੀਤੇ ਜਾਂਦੇ ਅਤੇ ਲੋਕ ਆਪਣਾ ਸਿਰ ਢਕਣ ਲਈ ਜਿੱਥੇ ਕਿਤੇ ਘਰ ਬਣਾਉਂਦੇ ਹਨ ਉਥੇ ਸੀਵਰੇਜ, ਪੱਕੇ ਰਸਤੇ, ਸਟਰੀਟ ਲਾਈਟਾਂ ਜਿਹੀਆਂ ਅਨੇਕਾਂ ਹੋਰ ਚੁਨੌਤੀਆਂ ਮੂੰਹ ਅੱਡੀ ਖੜ੍ਹੀਆਂ ਹੁੰਦੀਆਂ ਹਨ | ਕੁੱਝ ਇਸੇ ਤਰ੍ਹਾਂ ਦਾ ਜੀਵਨ ਇੱਥੋਂ ਦੇ ਮਾਤਾ ਗੁਜਰੀ ਜੀ ਮੁਹੱਲਾ ਨਿਵਾਸੀ ਪਿਛਲੇ 20 ਸਾਲਾਂ ਤੋਂ ਜਿਓਣ ਲਈ ਮਜਬੂਰ ਹਨ | ਜਿੱਥੋਂ ਦੇ ਜ਼ਿਆਦਾਤਰ ਵਸਨੀਕ ਗ਼ਰੀਬ ਤਬਕੇ ਨਾਲ ਸੰਬੰਧਿਤ ਹਨ | ਇੱਥੇ ਰਸਤੇ ਕੱਚੇ ਹਨ ਜਿਨ੍ਹਾਂ 'ਤੇ ਕਾਫ਼ੀ ਸਮੇਂ ਤੋਂ ਸੀਵਰੇਜ ਤਾਂ ਪਾ ਦਿੱਤੇ ਗਏ ਹਨ ਪ੍ਰੰਤੂ ਵਰਿ੍ਹਆਂ ਦਾ ਸਮਾਂ ਬੀਤ ਜਾਣ 'ਤੇ ਵੀ ਨਾ ਤਾਂ ਰਸਤੇ ਨੂੰ ਪੱਕਾ ਕੀਤਾ ਗਿਆ ਹੈ ਅਤੇ ਨਾ ਹੀ ਪਾਏ ਗਏ ਸੀਵਰੇਜ ਸਿਸਟਮ ਨੂੰ ਚਾਲੂ ਕੀਤਾ ਗਿਆ ਹੈ | ਕੱਚੇ ਰਸਤੇ 'ਤੇ ਪਾਏ ਸੀਵਰੇਜ ਸਫ਼ੈਦ ਹਾਥੀ ਸਿੱਧ ਹੋ ਰਹੇ ਹਨ ਇੱਥੋਂ ਦੇ ਰਹਿਣ ਵਾਲੇ ਵਸਨੀਕਾਂ ਦੇ ਘਰਾਂ ਨੂੰ ਇਨ੍ਹਾਂ ਸੀਵਰੇਜ ਲਾਈਨ ਦੇ ਨਾਲ ਨਹੀਂ ਜੋੜਿਆ ਗਿਆ | ਭਾਵੇਂ ਕੁੱਝ ਕੁ ਸਰਦੇ ਬਰਦੇ ਲੋਕਾਂ ਨੇ ਆਪਣੇ ਆਪ ਇਸ ਸੀਵਰੇਜ ਦੇ ਨਾਲ ਪਾਈਪ ਜੋੜੇ ਹੋਏ ਹਨ ਅਤੇ ਕੁੱਝ ਕੁ ਨੇ ਕੱਚੀਆਂ ਨਾਲੀਆਂ ਪੱਟ ਕੇ ਆਪਣਾ ਨਿਕਾਸੀ ਪਾਣੀ ਇਨ੍ਹਾਂ ਸੀਵਰੇਜਾਂ ਦੇ ਢੱਕਣਾਂ ਰਾਹੀਂ ਪੈਂਦਾ ਕੀਤਾ ਹੋਇਆ ਹੈ | ਸਮੁੱਚੇ ਘਰਾਂ ਨੂੰ ਸੀਵਰੇਜ ਸਿਸਟਮ ਨਾਲ ਨਾ ਜੋੜੇ ਕਾਰਨ ਲੋਕਾਂ ਨੂੰ ਗੰਭੀਰ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ | ਘਰਾਂ ਦਾ ਗੰਦਾ ਪਾਣੀ ਕੱਚੇ ਰਸਤੇ 'ਤੇ ਫੈਲ ਰਿਹਾ ਹੈ, ਜਿਸ ਕਾਰਨ ਰਾਹਗੀਰਾਂ ਦਾ ਲੰਘਣਾ ਮੁਹਾਲ ਹੋ ਗਿਆ ਹੈ | ਸਕੂਲ ਜਾਂਦੇ ਵਿਦਿਆਰਥੀਆਂ ਦੀਆਂ ਵਰਦੀਆਂ ਗੰਦੀਆਂ ਹੋ ਜਾਂਦੀਆਂ ਹਨ ਅਤੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਬਰਸਾਤ ਦੇ ਮੌਸਮ ਵਿਚ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ | ਇੱਥੋਂ ਦੇ ਪਤਵੰਤੇ ਕੁਲਦੀਪ ਸਿੰਘ ਦੂਲੋ, ਦੇਵ ਸਿੰਘ, ਬੁੱਧੂ ਸਿੰਘ, ਮਿਸ਼ਰਾ ਸਿੰਘ, ਅਮਰੀਕ ਸਿੰਘ, ਰਾਜਨ ਸ਼ਰਮਾ, ਹੈਪੀ ਸਿੰਘ, ਬਲਵੀਰ ਸਿੰਘ, ਬਿੱਲੂ ਸਿੰਘ, ਜਸਪਾਲ ਸਿੰਘ, ਜੱਟ ਸਿੰਘ, ਨੌਹਰੀਆ ਸਿੰਘ, ਨਿੰਮਾ ਸਿੰਘ, ਰਜਿੰਦਰ ਸਿੰਘ, ਨਿੱਕਾ ਸਿੰਘ, ਗੁਲਾਬ ਸਿੰਘ, ਮਹਿੰਦਰ ਸਿੰਘ, ਬਿੱਟੂ ਸਿੰਘ, ਗੁਰਤੇਜ ਸਿੰਘ, ਕਾਲਾ ਸਿੰਘ, ਗੁਰਚਰਨ ਸਿੰਘ, ਰਾਮਧਨੀ, ਜੱਗਾ ਸਿੰਘ, ਗੁਰਪਿਆਰ ਸਿੰਘ ਫੌਜੀ, ਕੁਲਵਿੰਦਰ ਸਿੰਘ ਮਾਨ ਨੇ ਮੰਗ ਕੀਤੀ ਹੈ ਕਿ ਮਾਤਾ ਗੁਜਰੀ ਜੀ ਮੁਹੱਲੇ ਦੇ ਰਸਤੇ ਨੂੰ ਪੱਕਾ ਕੀਤਾ ਜਾਵੇ ਅਤੇ ਬੰਦ ਪਏ ਸੀਵਰੇਜ ਨੂੰ ਚਾਲੂ ਕੀਤਾ ਜਾਵੇ |