ਸੰਗਰੂਰ, 4 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਸਾਬਕਾ ਕੈਬਨਿਟ ਮੰਤਰੀ ਅਤੇ ਕੁੱਲ ਹਿੰਦ ਕਾਂਗਰਸ ਦੇ ਖ਼ਜ਼ਾਨਚੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਮਹਿਲਾ ਕਾਂਗਰਸ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਅਤੇ ਸਮੇਂ ਦਰ ਸਮੇਂ ਰਾਜ ਵਿੱਚ ਕਾਂਗਰਸ ਸਰਕਾਰ ਦੀ ਸਥਾਪਨ ਵਿੱਚ ਆਪਣਾ ਅਹਿਮ ਯੋਗਦਾਨ ਨਿਭਾਇਆ ਹੈ | ਆਪਣੇ ਨਿਵਾਸ ਅਸਥਾਨ ਵਿਖੇ ਰਜਿੰਦਰ ਕੌਰ ਮੀਮਸਾ ਅਤੇ ਚਰਨਜੀਤ ਕੌਰ ਮਡਾਹਰ ਦੀ ਅਗਵਾਈ ਹੇਠ ਸੰਗਰੂਰ ਕਾਂਗਰਸ ਦੀ ਮਹਿਲਾਵਾਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਵੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਈ ਤਦ ਹਰ ਵਰਗ ਭਾਵੇਂ ਉਹ ਕਿਸਾਨ ਹੋਵੇ, ਵਪਾਰੀ ਹੋਵੇ, ਮਜ਼ਦੂਰ ਜਾਂ ਮੁਲਾਜ਼ਮ ਹੋਵੇ ਦੀ ਭਲਾਈ ਹਿਤ ਹਰ ਸੰਭਵ ਯਤਨ ਕੀਤੇ ਗਏ | ਉਨ੍ਹਾਂ ਕਿਹਾ ਕਿ ਰਾਜ ਵਿੱਚ ਪਿਛਲੇ ਚਾਰ ਸਾਲਾਂ ਤੋਂ ਆਪ ਸਰਕਾਰ ਕਾਬਜ਼ ਹੈ ਪਰ ਪੰਜਾਬ ਵਿੱਚ ਅੱਜ ਇੰਝ ਲੱਗਦਾ ਹੈ ਕਿ ਜਿਵੇਂ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ | ਸੰਗਰੂਰ ਜਿਸ ਨੂੰ ਆਪ ਪਾਰਟੀ ਦੀ ਪੰਜਾਬ ਵਿੱਚ ਜਨਮ ਭੂਮੀ ਮੰਨਿਆ ਜਾਂਦਾ ਸੀ ਦੀ ਤ੍ਰਾਸ਼ਦੀ ਉੱਪਰ ਚਰਚਾਂ ਕਰਦਿਆਂ ਸਿੰਗਲਾ ਨੇ ਕਿਹਾ ਕਹਿਣ ਨੂੰ ਸੰਗਰੂਰ ਮੁੱਖ ਮੰਤਰੀ ਦਾ ਜੱਦੀ ਜ਼ਿਲ੍ਹਾ ਮੰਨਿਆ ਜਾਂਦਾ ਹੈ ਪਰ ਸੰਗਰੂਰ ਦੇ ਲੋਕ ਅੱਜ ਜਨਤਕ ਸਹੂਲਤਾਂ ਤੋਂ ਵੀ ਮਹਿਰੂਮ ਹਨ | ਇਸ ਦਾ ਕਾਰਨ ਇਹ ਹੈ ਕਿ ਇਸ ਸਰਕਾਰ ਨੇ ਅਜਿਹਾ ਕੋਈ ਵੀ ਉੱਦਮ ਹੀ ਨਹੀਂ ਕੀਤਾ ਜੋ ਵਰਨਣਯੋਗ ਹੋਵੇ | ਸਿੰਗਲਾ ਨੇ ਰਜਿੰਦਰ ਕੌਰ ਮੀਮਸਾ ਅਤੇ ਚਰਨਜੀਤ ਕੌਰ ਮਡਾਹਰ ਵੱਲੋਂ ਮਹਿਲਾਵਾਂ ਨੂੰ ਕਾਂਗਰਸ ਦੇ ਝੰਡੇ ਹੇਠ ਇਕੱਤਰ ਕਰਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਮਿਹਨਤੀ ਮਹਿਲਾਵਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਸੰਗਰੂਰ ਦੇ ਵੱਖ-ਵੱਖ ਵਾਰਡਾਂ ਵਿੱਚੋਂ ਮਹਿਲਾਵਾਂ ਵੱਡੀ ਗਿਣਤੀ ਵਿੱਚ ਪੁੱਜੀਆਂ ਹੋਈਆਂ ਸਨ |