ਧਨੌਲਾ, 5 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਨੇੜਲੇ ਪਿੰਡ ਕੱਟੂ ਵਿਖੇ ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ ਪੰਜਾਬ (ਸੀਟੂ) ਦੇ ਭੱਠਾ ਮਜ਼ਦੂਰਾਂ ਨੇ ਆਪਣੀ ਮੀਟਿੰਗ ਕਰਨ ਮਗਰੋਂ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਕਰਨ ਵੱਲ ਵੱਧ ਰਹੀ ਕੇਂਦਰੀ ਸਰਕਾਰ ਵਿਰੁੱਧ ਲੇਬਰ ਕੋਡਾਂ ਦੀਆਂ ਕਾਪੀਆਂ ਫ਼ੂਕ ਕੇ ਕਾਲਾ ਦਿਨ ਮਨਾਇਆ | ਮੀਟਿੰਗ ਵਿਚ 14 ਅਪ੍ਰੈਲ ਨੂੰ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਮਨਾਉਣ ਅਤੇ 6 ਅਪ੍ਰੈਲ ਨੂੰ ਐਸ.ਕੇ.ਐਮ. ਦੀ ਜ਼ਿਲ੍ਹਾ ਕੇਂਦਰ ਤੇ ਰੈਲੀ ਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ | ਸੂਬਾ ਸੀਟੂ ਆਗੂ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਦਾ ਧਨ ਦੌਲਤ ਪੈਦਾ ਕਰਨ, ਖ਼ੂਨ ਪਸੀਨਾ ਵਹਾਉਣ ਵਾਲੇ ਉਨ੍ਹਾਂ ਕਰੋੜਾਂ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਛੋਟੇ ਕਾਰੋਬਾਰੀਆਂ ਦੀ ਕੋਈ ਚਿੰਤਾ ਨਹੀਂ ਹੈ ਜਿਨ੍ਹਾਂ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਤਬਾਹੀ ਹੋ ਰਹੀ ਹੈ | ਲੰਮੇ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਦੇ 29 ਕਿਰਤ ਕਾਨੂੰਨ ਨੂੰ ਖ਼ਤਮ ਕਰ ਕੇ ਕਾਰਪੋਰੇਟ ਪੱਖੀ ਅਤੇ ਮਜ਼ਦੂਰ ਵਿਰੋਧੀ ਜ਼ਾਲਮ 4 ਲੇਬਰ ਕੋਡ ਲਾਗੂ ਕਰਨ ਲਈ ਲਗਾਤਾਰ 6 ਸਾਲਾਂ ਤੋਂ ਤਰਲੋ ਮੱਛੀ ਹੋ ਰਹੀ ਹੈ ਜਿਨ੍ਹਾਂ ਨੂੰ ਲਾਗੂ ਕਰਨ ਨਾਲ ਉਦਯੋਗ ਮਾਲਕਾਂ ਨੂੰ ਕਿਰਤੀਆਂ ਤੋਂ ਅੱਠ ਘੰਟੇ ਦਿਹਾੜੀ ਦੀ ਥਾਂ 12-16 ਘੰਟੇ ਤੱਕ ਕੰਮ ਕਰਵਾ ਕੇ ਵੀ ਘੱਟੋ ਘੱਟ ਕਾਨੂੰਨੀ ਉਜ਼ਰਤਾਂ ਦੇਣ ਦੀ ਥਾਂ ਮਨ ਮਰਜ਼ੀ ਨਾਲ ਪੇਮੈਂਟ ਕਰਨ ਦੀ ਖੁੱਲ ਮਿਲ ਜਾਏਗੀ ਜੋ ਮਜ਼ਦੂਰਾਂ ਲਈ ਗ਼ੁਲਾਮੀ ਦਾ ਜੂਲ਼ਾ ਬਣ ਜਾਵੇਗਾ | ਮਜ਼ਦੂਰਾਂ, ਮੁਲਾਜ਼ਮਾਂ ਤੋਂ ਯੂਨੀਅਨ ਬਣਾਉਣ, ਮੰਗ ਪੱਤਰ ਦੇਣ ਤੋਂ ਲੈ ਕੇ ਧਰਨਾ, ਮੁਜ਼ਾਰਾ, ਰੈਲੀਆਂ ਕਰਨ ਦੇ ਅਧਿਕਾਰ ਖੋਹ ਕੇ ਨਿਹੱਥਾ ਕਰ ਦਿੱਤਾ ਜਾਵੇਗਾ ਅਤੇ ਸੂਬਾ ਸਕੱਤਰ ਨੇ ਅੱਗੇ ਦੱਸਿਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਇਨ੍ਹਾਂ ਲੇਬਰ ਕੋਡਾਂ ਨੂੰ ਲਾਗੂ ਕਰਨ ਵਿਰੁੱਧ ਕਿਰਤੀਆਂ ਨੂੰ ਜਾਗਰੂਕ ਅਤੇ ਜਥੇਬੰਦ ਕਰਦਿਆਂ ਸੀਟੂ ਵਲੋਂ ਆਪਣੇ ਤੌਰ 'ਤੇ ਸਾਂਝੇ ਸੰਘਰਸ਼ਾਂ ਨੂੰ ਤੇਜ਼ ਕੀਤਾ ਜਾਵੇਗਾ |