ਧੂਰੀ, 6 ਅਪ੍ਰੈਲ (ਲਖਵੀਰ ਸਿੰਘ ਧਾਂਦਰਾ) - ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਧੂਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅਤੇ ਦੇਸ਼ ਅੰਦਰ ਕੁੱਝ ਮਾੜੀ ਸੋਚ ਦੇ ਲੋਕ ਜੋ ਦੇਸ਼ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਅਤੇ ਲੋਕਾਂ ਦਾ ਆਪਸੀ ਭਾਈਚਾਰਾ ਖ਼ਰਾਬ ਕਰਨ ਲਈ ਦਿਨ ਪ੍ਰਤੀ ਦਿਨ ਧਾਰਮਿਕ ਗ੍ਰੰਥਾਂ ਅਤੇ ਧਾਰਮਿਕ ਮੂਰਤੀਆਂ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਦੀ ਬੇਅਦਬੀ ਕਰਦੇ ਰਹਿੰਦੇ ਹਨ | ਬਹੁਤ ਸਾਰੇ ਲੋਕ ਵਿਦੇਸ਼ਾਂ ਵਿਚ ਬੈਠ ਕੇ ਦੇਸ਼ ਦਾ ਮਾਹੌਲ ਖ਼ਰਾਬ ਕਰਦੇ ਰਹਿੰਦੇ ਹਨ | ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਕਰੋੜਾਂ ਹੀ ਲੋਕਾਂ ਦੇ ਮਸੀਹਾ ਹਨ | ਬਾਬਾ ਸਾਹਿਬ ਨੇ ਬਿਨਾਂ ਕਿਸੇ ਜਾਤੀ ਅਤੇ ਲਿੰਗ ਭੇਦ ਦੇ ਹਰ ਇੱਕ ਇਨਸਾਨ ਨੂੰ ਬਰਾਬਰ ਦੇ ਹੱਕ ਦਿੱਤੇ ਹਨ ਤਾਂ ਕਿ ਦੇਸ਼ ਦਾ ਹਰ ਇੱਕ ਨਾਗਰਿਕ ਤਰੱਕੀ ਕਰੇ ਅਤੇ ਭਾਰਤ ਇੱਕ ਮਜ਼ਬੂਤ ਦੇਸ਼ ਬਣ ਸਕੇ | ਦੇਸ਼ ਅੰਦਰ ਬੇਅਦਬੀ ਦੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ | ਦੇਸ਼ ਦੀ ਏਕਤਾ ਹੀ ਦੇਸ਼ ਦੀ ਤਾਕਤ ਹੈ | ਇਸ ਨੂੰ ਬਰਕਰਾਰ ਰੱਖਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ਅਤੇ ਮਾੜੇ ਅਨਸਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਜ਼ਰੂਰਤ ਹੈ ਤਾਂ ਕਿ ਦੇਸ਼ ਦੇ ਲੋਕਾਂ ਦਾ ਆਪਸੀ ਭਾਈਚਾਰਾ ਬਣਿਆ ਰਹੇ |