ਭਵਾਨੀਗੜ੍ਹ, 8 ਅਪ੍ਰੈਲ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਸੜਕਾਂ ਦਾ ਨਰਕ ਭੋਗ ਦੇ ਬਾਲਦ ਕੋਠੀ ਵਾਸੀਆਂ ਅਤੇ ਇਥੋਂ ਲੰਘਦੇ ਰਾਹਗੀਰਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦਿਆਂ ਐਡਵੋਕੇਟ ਕਮਲ ਆਨੰਦ ਅਤੇ ਸਮਾਜ ਸੇਵੀ ਜਤਿੰਦਰ ਕਾਲੜਾ ਵੱਲੋਂ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ ਅਤੇ ਨੈਸ਼ਨਲ ਹਾਈਵੇ ਦੇ ਚੇਅਰਮੈਨ ਨੂੰ ਨੋਟਿਸ-ਕਮ-ਸ਼ਿਕਾਇਤ ਪੱਤਰ ਭੇਜਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਕਮਲ ਆਨੰਦ ਅਤੇ ਸਮਾਜ ਸੇਵੀ ਜਤਿੰਦਰ ਕਾਲੜਾ ਨੇ ਦੱਸਿਆ ਕਿ ਭਵਾਨੀਗੜ੍ਹ-ਨਾਭਾ ਨੂੰ ਜਾਣ ਵਾਲੀਆਂ ਸਰਵਿਸ ਲੇਨ ਵਾਸੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋਣ ਕਾਰਨ ਇੱਥੇ ਹਰ ਰੋਜ਼ ਹਾਦਸੇ ਹੋ ਰਹੇ ਹਨ, ਜਿਨ੍ਹਾਂ ਵਿਚ ਕੀਮਤੀ ਜਾਨਾਂ ਜਾਣ ਤੋਂ ਇਲਾਵਾ ਵਾਹਨਾਂ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਇੱਥੇ ਨਿਕਾਸੀ ਪਾਣੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਬਦਬੂ ਮਾਰਦੇ ਗੰਦੇ ਪਾਣੀ ਨਾਲ ਬਾਲਦ ਕੋਠੀ ਵਾਸੀਆਂ ਨੂੰ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ | ਟੁੱਟੀਆਂ ਸੜਕਾਂ ਕਾਰਨ ਉੱਡਦੀ ਧੂੜ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਜਿਸ ਦਾ ਸ਼ਿਕਾਰ ਦੁਕਾਨਦਾਰ ਅਤੇ ਲੰਘਦੇ ਆਮ ਲੋਕ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪੁਲ ਦੇ ਨੀਚੇ ਇਹ ਸੜਕਾਂ ਨੈਸ਼ਨਲ ਹਾਈਵੇ ਦੇ ਅਧੀਨ ਆਉਂਦੀਆਂ ਹੋਣ ਕਰਕੇ ਨੈਸ਼ਨਲ ਹਾਈਵੇ-7 'ਤੇ ਸਭ ਤੋਂ ਮਹਿੰਗਾ ਟੋਲ ਲੈਣ ਦਾ ਬਾਵਜੂਦ ਠੇਕਾ ਲੈਣ ਵਾਲੀ ਕੰਪਨੀ ਅਤੇ ਨੈਸ਼ਨਲ ਹਾਈਵੇ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ , ਜਿਸ ਕਰਕੇ ਲੋਕਾਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ | ਉਕਤ ਦੋਵੇਂ ਸਮਾਜ ਸੇਵੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ ਅਤੇ ਨੈਸ਼ਨਲ ਹਾਈਵੇ ਦੇ ਚੇਅਰਮੈਨ ਨੂੰ ਲੀਗਲ ਨੋਟਿਸ ਕੱਢਦਿਆਂ ਇਸ ਸੜਕ ਨੂੰ ਤੁਰੰਤ ਨਵੀਂ ਬਣਾਉਣ ਦੀ ਮੰਗ ਕਰਦਿਆਂ ਉਨ੍ਹਾਂ ਕੇਂਦਰੀ ਮੰਤਰੀ, ਨੈਸ਼ਨਲ ਹਾਈਵੇ ਪ੍ਰਬੰਧਕਾਂ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਸਮਾਂ ਇਸ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ, ਉਨ੍ਹਾਂ ਸਮਾਂ ਟੋਲ ਪਲਾਜੇ ਦੀ ਫ਼ੀਸ ਪਰਚੀ ਮੁਕਤ ਕੀਤੀ ਜਾਵੇ, ਨਹੀਂ ਤਾਂ ਉਹ ਮਾਨਯੋਗ ਅਦਾਲਤ ਦਾ ਸਹਾਰਾ ਲੈਣ ਲਈ ਮਜਬੂਰ ਹੋਣਗੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੰਮ ਸ਼ੁਰੂ ਹੋਣ ਤੱਕ ਇੱਥੇ ਧੂੜ ਰੋਕਣ ਲਈ ਤੁਰੰਤ ਪਾਣੀ ਦਾ ਛਿੜਕਾਅ ਕੀਤਾ ਜਾਵੇ, ਸਰਵਿਸ ਸੜਕਾਂ ਦੀ ਬਿਟੂਮਿਨਸ ਰੀ-ਸਰਫੇਸਿੰਗ ਕੀਤੀ ਜਾਵੇ ਅਤੇ ਫਲਾਈਓਵਰ ਹੇਠਾਂ ਡਰੇਨੇਜ ਸਿਸਟਮ 'ਤੇ ਸੁਰੱਖਿਆ ਬੋਰਡ ਲਗਾਏ ਜਾਣ | ਤਾਂ ਕਿ ਹੋ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ |
ਮਾਮਲਾ ਲੰਬੇ ਸਮੇਂ ਤੋਂ ਮਾੜੀਆਂ ਸੜਕਾਂ ਦਾ ਨਰਕ ਭੋਗਦੇ ਲੋਕਾਂ ਦਾ<br> ਕੇਂਦਰੀ ਸੜਕ ਮੰਤਰੀ ਤੇ ਨੈਸ਼ਨਲ ਹਾਈਵੇ ਦੇ ਚੇਅਰਮੈਨ ਨੂੰ ਕੱਢਿਆ ਲੀਗਲ ਨੋਟਿਸ <br/>
ਅਜੀਤ ਡੈਸਕ
09-04-2026