ਲਹਿਰਾਗਾਗਾ, 8 ਮਾਰਚ (ਅਸ਼ੋਕ ਗਰਗ)-ਨੇੜਲੇ ਪਿੰਡ ਜਲੂਰ ਵਿਖੇ ਪੰਜਾਬ ਸਰਕਾਰ ਵਲੋਂ ਪੰਚਾਇਤੀ ਰਾਜ ਵਿਭਾਗ ਰਾਹੀਂ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਸਿਹਤ ਡਿਸਪੈਂਸਰੀ ਦੀ ਉਸਾਰੀ 'ਚ ਘਟੀਆ ਮਟੀਰੀਅਲ ਵਰਤ ਕੇ ਭਿ੍ਸ਼ਟਾਚਾਰ ਕਰਨ ਤੇ ਲੈਂਟਰ ਪਾਉਣ ਸਮੇਂ ਵੱਡੀ ਲਾਪਰਵਾਹੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ | ਬੀਕੇਯੂ ਏਕਤਾ ਸਿੱਧੂਪੁਰ ਦੇ ਆਗੂ ਰਾਮਫਲ ਸਿੰਘ ਜਲੂਰ ਦੀ ਅਗਵਾਈ 'ਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਚ ਪਹਿਲਾਂ ਤੋਂ ਬਣੀ ਸਿਹਤ ਡਿਸਪੈਂਸਰੀ ਦੀ ਬਿਲਡਿੰਗ ਕੰਡਮ ਹੋਣ ਤੋਂ ਬਾਅਦ ਸਰਕਾਰ ਵਲੋਂ ਲੱਖਾਂ ਰੁਪਏ ਖ਼ਰਚ ਕੇ ਨਵੀਂ ਡਿਸਪੈਂਸਰੀ ਬਣਾਈ ਜਾ ਰਹੀ ਹੈ ਜਿਸ ਦਾ ਲੈਂਟਰ 27 ਅਪ੍ਰੈਲ ਨੂੰ ਰਾਤ ਦੇ ਕਰੀਬ 10 ਵਜੇ ਤੱਕ ਪਾਇਆ ਗਿਆ, ਦਿਨ 'ਚ ਸੀਮਿੰਟ ਰੇਤਾ ਵਗ਼ੈਰਾ ਘਟਣ ਕਰ ਕੇ ਮਿਕਸਚਰ ਮਸ਼ੀਨ ਵੀ ਬੰਦ ਕੀਤੀ ਗਈ, ਹਨੇਰੇ ਚ ਲੈਂਟਰ ਪਾਉਣ ਕਰ ਕੇ ਕਈ ਜਗ੍ਹਾ ਤੋਂ ਨੀਵਾਂ ਰਹਿ ਗਿਆ ਅਤੇ ਦੋ ਦਿਨਾਂ ਬਾਅਦ ਆ ਕੇ ਠੇਕੇਦਾਰ ਵਲੋਂ ਪੈਚ ਲਗਾਏ ਗਏ, ਉਨ੍ਹਾਂ ਦੱਸਿਆ ਕਿ ਢੂਲੇ ਦੀਆਂ ਰੋਕਾਂ ਵਗ਼ੈਰਾ ਟੁੱਟਣ ਕਰ ਕੇ ਕਮਰਿਆਂ ਦੇ ਅੰਦਰ ਅਤੇ ਬਾਹਰ ਕਈ ਜਗ੍ਹਾ ਲੈਂਟਰ ਵਾਲੇ ਮਲਬੇ ਦੇ ਢੇਰ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੈਂਟਰ ਦੀ ਮਜ਼ਬੂਤੀ ਲਈ ਛੱਤ ਤੇ ਪਾਣੀ ਤੱਕ ਨਹੀਂ ਖੜਾਇਆ ਗਿਆ ਪਰ ਜਦੋਂ 5 ਅਪ੍ਰੈਲ ਨੂੰ ਇਸ ਸਬੰਧੀ ਵੀਡੀਓ ਵਾਇਰਲ ਹੋਈ ਤਾਂ ਠੇਕੇਦਾਰ ਲੇਬਰ ਲੈ ਕੇ ਪਹੁੰਚ ਗਿਆ ਤੇ ਛੱਤ ਤੇ ਮਿੱਟੀ ਚੜਾ ਕੇ ਪਾਣੀ ਖੜ੍ਹਾਉਣ ਲਈ ਵੱਟਾਂ ਬਣਾਉਣ ਲੱਗੇ , ਇਸੇ ਦੌਰਾਨ ਕਿਸੇ ਅਧਿਕਾਰੀ ਨਾਲ ਗੱਲਬਾਤ ਹੋਣ ਤੇ ਮਿੱਟੀ ਚੜ੍ਹਾਉਣੀ ਬੰਦ ਕਰ ਦਿੱਤੀ ਗਈ ਤੇ ਪਾਣੀ ਫਿਰ ਵੀ ਨਹੀਂ ਖੜ੍ਹਾਇਆ ਗਿਆ ਤੇ 6 ਅਪ੍ਰੈਲ ਨੂੰ ਛੱਤ ਤੇ ਢੂਲਾ ਖੋਲ੍ਹਣ ਤੋਂ ਪਹਿਲਾਂ ਹੀ ਲੁੱਕ ਵੀ ਪਾ ਦਿੱਤੀ ਗਈ | ਆਗੂਆਂ ਨੇ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਇਹ ਮਾਮਲਾ ਸਾਹਮਣੇ ਆਉਣ ਦੇ ਬਾਵਜੂਦ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਜਾਂਚ ਕਰਨ ਲਈ ਨਹੀਂ ਪਹੁੰਚਿਆ ਬਲਕਿ ਪੂਰੇ ਮਾਮਲੇ ਨੂੰ ਦਬਾਉਣ ਲਈ ਲਿੱਪਾਪੋਚੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਆਗੂਆਂ ਨੇ ਵਿਭਾਗ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਇਸ ਲੈਂਟਰ ਦੀ ਸੈਂਪਲਿੰਗ ਲੈ ਕੇ ਜਾਂਚ ਨਾ ਕੀਤੀ ਤੇ ਜ਼ਿੰਮੇਵਾਰ ਅਧਿਕਾਰੀਆਂ ਤੇ ਠੇਕੇਦਾਰ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਅਗਲੇ ਹਫ਼ਤੇ ਪੰਚਾਇਤੀ ਰਾਜ ਵਿਭਾਗ ਦੇ ਸੰਗਰੂਰ ਸਥਿਤ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਇਕਾਈ ਪ੍ਰਧਾਨ ਗੁਰਦੀਪ ਸਿੰਘ ਨੰਬਰਦਾਰ, ਜਗਤਾਰ ਸਿੰਘ ਤਾਰਾ, ਦਰਸਨ ਸਿੰਘ, ਬਲਵਿੰਦਰ ਸਿੰਘ, ਜੀਤ ਸਿੰਘ ਸਾਬਕਾ ਪੰਚ, ਜਗਤਾਰ ਸਿੰਘ ਸਾਬਕਾ ਪੰਚ,ਕੁਲਤੇਜ ਸਿੰਘ ਸਾਬਕਾ ਪੰਚ, ਮੋਹਣ ਸਿੰਘ , ਸਰਬਜੀਤ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ ਭੋਲਾ, ਲੀਲਾ ਸਿੰਘ, ਗੁਰਦਾਸ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |
ਜਾਂਚ ਕਰਕੇ ਕਰਾਂਗੇ ਕਾਰਵਾਈ, ਠੇਕੇਦਾਰ ਦੀ ਪੇਮੈਂਟ ਰੋਕੀ-ਐਕਸੀਅਨ
ਉਕਤ ਮਾਮਲੇ ਤੇ ਜਦੋਂ ਪੰਚਾਇਤੀ ਰਾਜਭਾਗ ਦੇ ਐਕਸੀਅਨ ਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਧਿਆਨ ਵਿਚ ਆਇਆ ਹੈ, ਉਨ੍ਹਾਂ ਕਿਹਾ ਕਿ ਲੈਂਟਰ ਤੇ ਇਸ ਤਰ੍ਹਾਂ ਤੀਜੇ ਦਿਨ ਪੈਚ ਨਹੀਂ ਲੱਗਣੇ ਚਾਹੀਦੇ ਸੀ, ਛੱਤ ਤੇ ਪਾਣੀ ਖੜ੍ਹਾਉਣਾ ਵੀ ਜ਼ਰੂਰੀ ਹੁੰਦਾ, ਹਨੇਰੇ ਦੇ ਵਿਚ ਲੈਂਟਰ ਕਿਉਂ ਪਾਇਆ ਗਿਆ ਇਸ ਦੀ ਜਾਂਚ ਸਬੰਧੀ ਐਸਡੀਓ ਨੂੰ ਪੱਤਰ ਜਾਰੀ ਕਰ ਕੇ ਰਿਪੋਰਟ ਮੰਗੀ ਗਈ ਹੈ ਤੇ ਉਹ ਖੁਦ ਵੀ ਮੌਕੇ ਤੇ ਪਹੁੰਚ ਕੇ ਜਾਂਚ ਕਰਨਗੇ | ਉਨ੍ਹਾਂ ਕਿਹਾ ਕਿ ਠੇਕੇਦਾਰ ਦੀ ਪੇਮੈਂਟ ਰੋਕ ਦਿੱਤੀ ਗਈ ਹੈ ਤੇ ਚੰਗੀ ਤਰ੍ਹਾਂ ਜਾਂਚ ਕਰ ਕੇ ਠੇਕੇਦਾਰ ਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ |
ਸਿਹਤ ਡਿਸਪੈਂਸਰੀ ਦੇ ਨਵੇਂ ਪਾਏ ਲੈਂਟਰ 'ਤੇ ਲਾਏ ਪੈਚ <br/>
ਅਜੀਤ ਡੈਸਕ
09-04-2026