ਲੌਂਗੋਵਾਲ, 8 ਅਪ੍ਰੈਲ, (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਜੀਨੀਅਰਿੰਗ ਅਤੇ ਟੈਕਨੌਲੋਜੀ (ਸਲਾਇਟ) ਵਿਖੇ ਸਿਲਵਰ ਜੁਬਲੀ 2000 ਸਮਾਗਮ ਅਤੇ ਸਲਾਇਟ ਅਲੂਮਨਾਈ ਐਸੋਸੀਏਸ਼ਨ (ਐਸ.ਏ.ਏ.) ਦੇ ਐਲਮਨਾਈ ਮੀਟ ਸੰਗਮ 2026 ਦਾ ਸ਼ਾਨਦਾਰ ਆਗਾਜ਼ ਹੋਇਆ | ਬਹੁ ਮੰਤਵੀ ਹਾਲ ਵਿੱਚ ਹੋਏ ਉਦਘਾਟਨ ਸਮਾਰੋਹ ਵਿੱਚ ਦੇਸ਼ ਦੇ ਕੋਨੇ ਕੋਨੇ 'ਚੋਂ ਲਗਭਗ 400 ਦੇ ਕਰੀਬ ਸਾਬਕਾ ਵਿਦਿਆਰਥੀ, ਅਧਿਆਪਕ, ਸਟਾਫ਼ ਅਤੇ ਵਿਦਿਆਰਥੀ ਸ਼ਾਮਲ ਹੋਏ | ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰੋ. ਸੁਨੀਲ ਸਿੰਗਲਾ ਪ੍ਰੋਫੈਸਰ ਟੀ. ਆਈ. ਈ. ਟੀ. ਪਟਿਆਲਾ ਅਤੇ ਡਾ. ਸੰਤੋਸ਼ ਚੌਰਸੀਆ ਨੂੰ ਅਲਮਾ ਮੈਟਰ ਲਈ ਸੇਵਾਵਾਂ ਦੇ ਸਨਮਾਨ ਵਜੋਂ ਅਕਾਦਮਿਕ ਖੇਤਰ ਦੀ ਸਰਬੋਤਮ ਸ਼੍ਰੇਣੀ ਹੇਠ ਡਿਸਟਿੰਗਵਿਸ਼ਡ ਐਲਮਨਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਸਲਾਇਟ ਅਲੂਮਨਾਈ ਐਸੋਸੀਏਸ਼ਨ ਦੇ ਪੈਟਰਨ ਪ੍ਰੋ. ਮਨੀਕਾਂਤ ਪਸਵਾਨ ਵੱਲੋਂ ਦਿੱਤਾ ਗਿਆ | ਇਸ ਮੌਕੇ ਪ੍ਰੋ. ਰਵੀ ਕਾਂਤ ਮਿਸ਼ਰਾ ਚੇਅਰਮੈਨ ਐਸ.ਏ.ਏ.ਅਤੇ ਇੰਜ. ਵਿਨਰਜੀਤ ਸਿੰਘ ਖਡਿਆਲ ਪ੍ਰਧਾਨ, ਪ੍ਰੋ. ਮੇਜਰ ਸਿੰਘ ਸੈਕਟਰੀ, ਅਤੇ ਇੰਜ. ਸੋਨੀ ਗੋਇਲ ਜੁਆਇੰਟ ਸੈਕਟਰੀ ਵੀ ਮੌਜੂਦ ਸਨ | ਇਹ ਸਨਮਾਨ ਸੰਸਥਾ ਵੱਲੋਂ ਉੱਚ ਕੋਟੀ ਦੇ ਅਧਿਆਪਕਾਂ ਅਤੇ ਸੋਚਵਾਨ ਅਗਵਾਈ ਦੀ ਪਰੰਪਰਾ ਨੂੰ ਉਜਾਗਰ ਕਰਦਾ ਹੈ | ਇਸ ਦੌਰਾਨ ਵੱਖ-ਵੱਖ ਖੇਤਰਾਂ ਤੋਂ ਆਏ ਸਾਬਕਾ ਵਿਦਿਆਰਥੀਆਂ ਨੇ ਆਪਣੇ ਤਜਰਬੇ, ਚੁਣੌਤੀਆਂ ਅਤੇ ਸਫਲਤਾਵਾਂ ਸਾਂਝੀਆਂ ਕੀਤੀਆਂ | ਜਿਸ ਨਾਲ ਵਿਦਿਆਰਥੀਆਂ ਨੂੰ ਕੀਮਤੀ ਮਾਰਗ ਦਰਸ਼ਨ ਅਤੇ ਪ੍ਰੇਰਣਾ ਮਿਲੀ | ਇਸ ਇੰਟਰੈਕਟਿਵ ਸੈਸ਼ਨ ਨੇ ਐਲਮਨਾਈ ਅਤੇ ਵਿਦਿਆਰਥੀਆਂ ਦਰਮਿਆਨ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕੀਤਾ | ਇਸ ਤੋਂ ਇਲਾਵਾ ਰੱਸਾਕਸੀ, ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਿਸ ਵਿਚ ਗਾਇਕੀ, ਨਾਚ, ਮਿਮਿਕਰੀ ਅਤੇ ਹੋਰ ਰਚਨਾਤਮਿਕ ਮੁਕਾਬਲੇ ਕਰਵਾਏ ਗਏ | ਇਸ ਪ੍ਰੋਗਰਾਮ ਵਿਚ ਸਮੂਹ ਡੀਨ, ਵਿਭਾਗ ਪ੍ਰਮੁੱਖ, ਐਸ.ਏ.ਏ. ਦੇ ਵੱਖ-ਵੱਖ ਚੈਪਟਰ ਪ੍ਰਧਾਨਾਂ, ਅਹੁਦੇਦਾਰ, ਹਾਜ਼ਰ ਸਨ |