ਸੰਗਰੂਰ, 10 ਅਪ੍ਰੈਲ (ਧੀਰਜ ਪਸੋਰੀਆ)-ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਐਮ ਸਟਾਰ ਈ ਪੰਜਾਬ ਰਾਹੀਂ ਲਾਗੂ ਕੀਤੀ ਜਾ ਰਹੀ ਆਨਲਾਈਨ ਹਾਜ਼ਰੀ ਪ੍ਰਣਾਲੀ ਜਿੱਥੇ ਅਧਿਆਪਕਾਂ ਲਈ ਸਿਰਦਰਦ ਬਣਦੀ ਜਾ ਰਹੀ ਹੈ, ਉੱਥੇ ਹੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਕੀਮਤੀ ਸਮੇਂ ਨੂੰ ਘਟਾ ਰਹੀ ਹੈ | ਜਿੱਥੇ ਇਸ ਪ੍ਰਣਾਲੀ ਦਾ ਮਕਸਦ ਸਕੂਲਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣਾ ਦੱਸਿਆ ਜਾ ਰਿਹਾ ਹੈ, ਉੱਥੇ ਹੀ ਜ਼ਮੀਨੀ ਹਕੀਕਤ ਵਿੱਚ ਅਧਿਆਪਕਾਂ ਨੂੰ ਕਈ ਤਕਨੀਕੀ ਅਤੇ ਪ੍ਰਬੰਧਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਐਮ ਸਟਾਰ ਈ ਪੰਜਾਬ ਦੇ ਐਪ ਨੂੰ ਸਿੱਖਿਆ ਵਿਭਾਗ ਨੇ ਹਿਤਾਚੀ ਨਾਂ ਦੀ ਨਿੱਜੀ ਕੰਪਨੀ ਨਾਲ ਮਿਲ ਕੇ ਬਣਾਇਆ ਹੈ | ਇਸ ਮੋਬਾਈਲ ਐਪ ਰਾਹੀਂ ਹਰ ਰੋਜ਼ ਨਿਯਤ ਸਮੇਂ ਵਿੱਚ ਹਾਜ਼ਰੀ ਲਗਾਉਣ ਦੀ ਜ਼ਿੰਮੇਵਾਰੀ ਅਧਿਆਪਕਾਂ ਲਈ ਵੱਡੀ ਚੁਣੌਤੀ ਬਣ ਗਈ ਹੈ | ਸਾਰੇ ਸੂਬੇ ਅੰਦਰ ਇੱਕੋ ਸਮੇਂ ਐਪ ਚੱਲਣ ਕਾਰਨ ਸਰਵਰ ਬਿਜ਼ੀ ਹੋ ਜਾਂਦਾ ਹੈ ਅਤੇ ਹਾਜ਼ਰੀ ਨਹੀਂ ਲੱਗਦੀ, ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਡੀ ਟੀ ਐੱਫ ਦੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ, ਰਘਵੀਰ ਭਵਾਨੀਗੜ੍ਹ ਅਤੇ ਸੂਬਾਈ ਆਗੂਆਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ, ਜਸਵਿੰਦਰ ਅÏਜਲਾ, ਪਵਨ ਕੁਮਾਰ, ਤਜਿੰਦਰ ਸਿੰਘ ਅਤੇ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਭਾਂਵੇ ਡੀ ਟੀ ਐਫ ਤਕਨੀਕ ਦੀ ਵਰਤੋਂ ਦੇ ਪੱਖ ਵਿੱਚ ਹੈ ਪਰ ਵਿਭਾਗ ਵੱਲੋਂ ਇਸ ਦੀ ਅਤਿ ਵਰਤੋਂ ਕਾਰਨ ਅਧਿਆਪਕਾਂ ਨੂੰ ਵਿਦਿਆਰਥੀਆਂ ਤੋਂ ਦੂਰ ਕਰਨਾ ਹਰਗਿਜ਼ ਸਹੀ ਨਹੀਂ ਹੈ | ਉਨ੍ਹਾਂ ਵਿਭਾਗ ਪਾਸੋਂ ਮੰਗ ਕੀਤੀ ਕਿ ਵਿਭਾਗ ਨਿੱਤ ਨਵੇਂ ਤਜਰਬੇ ਕਰਨੇ ਬੰਦ ਕਰੇ, ਅੰਕੜਿਆਂ ਦੀ ਪ੍ਰਾਪਤੀ ਲਈ ਹਰ ਸਕੂਲ ਵਿਖੇ ਡਾਟਾ ਐਂਟਰੀ ਓਪਰੇਟਰ ਦੀ ਅਸਾਮੀ ਦੇਵੇ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਮੁੱਖ ਕੰਮ ਸਿੱਖਿਆ ਦੇਣ ਲਈ ਸਮਾਂ ਦੇਵੇ ਅਤੇ ਐਪਾਂ ਅਤੇ ਗੂਗਲ ਸ਼ੀਟਾਂ ਤੋਂ ਦੂਰ ਰੱਖੇ |