ਮਸਤੂਆਣਾ ਸਾਹਿਬ, 10 ਅਪ੍ਰੈਲ (ਦਮਦਮੀ)-ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਸ਼ੂਟਿੰਗ ਰੇਂਜ ਅਕੈਡਮੀ ਖੋਲ੍ਹੀ ਗਈ | ਇਸ ਸ਼ੂਟਿੰਗ ਰੇਂਜ ਦਾ ਉਦਘਾਟਨ ਉੱਘੇ ਵਿਦਵਾਨ ਅਤੇ ਪੰਜਾਬ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆ ਨੇ ਕੀਤਾ | ਇਸ ਮੌਕੇ ਉਨ੍ਹਾਂ ਨਾਲ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਸੀਨੀਅਰ ਕੌਂਸਲ ਮੈਂਬਰ ਮਨਜੀਤ ਸਿੰਘ ਬਾਲੀਆ, ਪਿ੍ੰਸੀਪਲ ਡਾ. ਗੀਤਾ ਠਾਕੁਰ ਅਤੇ ਹੋਰ ਪ੍ਰਬੰਧਕੀ ਮੈਂਬਰ ਅਤੇ ਫਿਜ਼ੀਕਲ ਕਾਲਜ ਦੇ ਸਟਾਫ਼ ਮੈਂਬਰ ਮੌਜੂਦ ਸਨ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾ. ਭੁਪਿੰਦਰ ਸਿੰਘ ਪੂਨੀਆ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ਼ੂਟਿੰਗ ਰੇਂਜ ਵਰਗੀ ਖੇਡ ਵਿਚ ਅੱਗੇ ਵੱਧ ਕੇ ਵਿਦਿਆਰਥੀ ਵੱਧ ਤੋਂ ਵੱਧ ਮੈਡਲ ਜਿੱਤਣ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਨ | ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਅਕੈਡਮੀ ਨਾਲ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਹੂਲਤਾਂ ਆਪਣੇ ਹੀ ਕੈਂਪਸ ਵਿਚ ਉਪਲਬਧ ਹੋਣਗੀਆਂ, ਜਿਸ ਨਾਲ ਉਹ ਖੇਡ ਖੇਤਰ ਵਿਚ ਨਵੀਆਂ ਉਚਾਈਆਂ ਹਾਸਲ ਕਰ ਸਕਣਗੇ | ਕਾਲਜ ਪਿ੍ੰਸੀਪਲ ਡਾ ਗੀਤਾ ਠਾਕੁਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਦਿਨ ਸੰਸਥਾ ਲਈ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਕਈ ਸਾਲਾਂ ਦੀ ਕੋਸ਼ਿਸ਼ ਤੋਂ ਬਾਅਦ ਸ਼ੂਟਿੰਗ ਰੇਂਜ ਅਕੈਡਮੀ ਦਾ ਸੁਪਨਾ ਸਾਕਾਰ ਹੋਇਆ ਹੈ | ਉਨ੍ਹਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿਚ ਹੁਣ ਇਹ ਤੀਜੀ ਸ਼ੂਟਿੰਗ ਰੇਂਜ ਅਕੈਡਮੀ ਬਣੀ ਹੈ | ਇਹ ਸ਼ੂਟਿੰਗ ਅਕੈਡਮੀ ਦੇ ਖੁੱਲ੍ਹਣ ਨਾਲ ਵਿਦਿਆਰਥੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਨੂੰ ਹੁਣ ਘੱਟ ਫ਼ੀਸਾਂ ਵਿਚ ਉੱਚ ਪੱਧਰੀ ਖੇਡ ਸਹੂਲਤਾਂ ਪ੍ਰਾਪਤ ਹੋਣਗੀਆਂ | ਉਨ੍ਹਾਂ ਕਿਹਾ ਕਿ ਮਸਤੂਆਣਾ ਸਾਹਿਬ ਦੇ ਵਿਦਿਆਰਥੀਆਂ ਲਈ ਅਕੈਡਮੀ ਦੀ ਫ਼ੀਸ ਕੇਵਲ 1000 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ, ਜਦਕਿ ਬਾਹਰੀ ਵਿਦਿਆਰਥੀਆਂ ਲਈ ਫ਼ੀਸ 2500 ਰੁਪਏ ਤੋਂ ਘਟਾ ਕੇ 2000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ | ਉਨ੍ਹਾਂ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਖਿਡਾਰੀਆਂ ਨੂੰ ਮੌਕਾ ਦੇਣਾ ਹੈ ਤਾਂ ਜੋ ਆਰਥਿਕ ਪਾਬੰਦੀਆਂ ਕਰ ਕੇ ਕੋਈ ਵੀ ਵਿਦਿਆਰਥੀ ਖੇਡਾਂ ਤੋਂ ਵਾਂਝਾ ਨਾ ਰਹੇ | ਉਨ੍ਹਾਂ ਨੇ ਹੋਰ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸੰਸਥਾ ਵਿਚ ਹੋਰ ਇਨਡੋਰ ਖੇਡਾਂ ਦੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ | ਇਸ ਮੌਕੇ ਡਾ. ਜਤਿੰਦਰ ਦੇਵ, ਪਿ੍ੰਸੀਪਲ ਡਾ. ਵਿਜੇ ਪਲਾਹਾ, ਪਿ੍ੰਸੀਪਲ ਡਾ. ਰਜਿੰਦਰ ਸਿੰਘ ਬਾਜਵਾ, ਡਾ. ਨਿਰਪਜੀਤ ਸਿੰਘ, ਡਾ. ਹਰਜਿੰਦਰ ਸਿੰਘ, ਪ੍ਰੋ. ਰਣਧੀਰ ਸ਼ਰਮਾ, ਪ੍ਰੋ. ਸੋਹਣਦੀਪ ਸਿੰਘ ਜੁਗਨੂੰ, ਪ੍ਰੋ. ਰਜਨੀ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਸੁਖਜੀਤ ਸਿੰਘ ਘੁਮਾਣ, ਪ੍ਰੋ. ਸੁਖਵਿੰਦਰ ਸਿੰਘ ਸੁੱਖੀ ਸਮੇਤ ਹੋਰ ਮੋਹਤਬਰ ਸ਼ਖ਼ਸੀਅਤਾਂ ਮੌਜੂਦ ਸਨ |