ਭਵਾਨੀਗੜ੍ਹ, 11 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਪੰਥਕ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਦੇ ਯਤਨਾਂ 'ਤੇ ਗੰਭੀਰ ਚਿੰਤਾ ਜਤਾਈ ਹੈ | ਬਾਬੂ ਗਰਗ ਵੱਲੋਂ ਜਾਰੀ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਏਜੰਸੀਆਂ ਦੀ ਸਾਜ਼ਿਸ਼ ਕਰਾਰ ਦੇਣਾ ਬਹੁਤ ਹੀ ਨਿੰਦਣਯੋਗ ਗੱਲ ਹੈ, ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ | ਉਨ੍ਹਾਂ ਕਿਹਾ ਕਿ ਸ: ਬਾਦਲ ਦਾ ਇਹ ਬਿਆਨ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਕੀਤੇ ਗਏ ਪਾਵਨ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ-ਮਰਿਆਦਾ ਅਤੇ ਅਜ਼ਮਤ ਨੂੰ ਢਾਹ ਲਾਉਣ ਦੇ ਬਰਾਬਰ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ | ਬਾਬੂ ਗਰਗ ਨੇ ਦੋਸ਼ ਲਗਾਇਆ ਕਿ ਰਾਜਸੀ ਸੱਤਾ ਦੇ ਹੰਕਾਰ ਵਿਚ ਆ ਕੇ ਕੁਝ ਆਗੂ ਪੰਥ ਦੀਆਂ ਸਿਰਮੌਰ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਬਾਬੂ ਗਰਗ ਨੇ ਕਿਹਾ ਕਿ ਜਿਹੜੇ ਆਗੂ ਆਪਣੇ ਰਾਜਸੀ ਫ਼ਾਇਦੇ ਲਈ ਪੰਥ ਨੂੰ ਪਿੱਠ ਦਿਖਾ ਰਹੇ ਹਨ, ਉਨ੍ਹਾਂ ਨੂੰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਲੋਕ ਜ਼ਰੂਰ ਸਬਕ ਸਿਖਾਉਣਗੇ | ਉਨ੍ਹਾਂ ਨੇ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਪੰਥ ਦੀ ਮਰਿਆਦਾ ਅਤੇ ਸੰਸਥਾਵਾਂ ਦੀ ਰੱਖਿਆ ਲਈ ਅੱਗੇ ਆਉਣ ਅਤੇ ਗਲਤ ਬਿਆਨਬਾਜ਼ੀ ਕਰਨ ਵਾਲਿਆਂ 'ਤੇ ਕਾਰਵਾਈ ਕਰਵਾਉਣ |