ਖਨੌਰੀ, 11 ਅਪ੍ਰੈਲ (ਬਲਵਿੰਦਰ ਸਿੰਘ ਥਿੰਦ)-ਖਨੌਰੀ ਦੀ ਅਨਾਜ ਮੰਡੀ ਵਿੱਚ ਪਿਛਲੇ ਦੋ ਤਿੰਨ ਦਿਨਾਂ ਤੋਂ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਪਰ ਖ਼ਰਾਬ ਚੱਲ ਰਹੇ ਮੌਸਮ ਦੇ ਚਲਦੇ ਸਰਕਾਰੀ ਖ਼ਰੀਦ ਸ਼ੁਰੂ ਨਾਂ ਹੋਣ ਕਰ ਕੇ ਦੇਸ਼ ਦਾ ਅੰਨਦਾਤਾ ਇਸ ਵੇਲੇ ਬਹੁਤ ਹੀ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ | ਹੁਣ ਜਦੋਂ ਕਿ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਕਿਸਾਨਾਂ ਵਲੋਂ ਕਟਾਈ ਉਪਰੰਤ ਕਣਕ ਨੂੰ ਵੇਚਣ ਲਈ ਖਨੌਰੀ ਦੀ ਅਨਾਜ ਮੰਡੀ ਵਿੱਚ ਲਿਆ ਲਿਆ ਕੇ ਕਿਸਾਨਾਂ ਵਲੋਂ ਕਣਕ ਦੀ ਫ਼ਸਲ ਦੇ ਢੇਰ ਲਗਾਏ ਜਾ ਰਹੇ ਹਨ ਪ੍ਰੰਤੂ ਇਸ ਅਨਾਜ ਮੰਡੀ ਵਿੱਚ ਹਾਲੇ ਤੱਕ ਖ਼ਰੀਦ ਸ਼ੁਰੂ ਨਾਂ ਹੋਣ ਕਰ ਕੇ ਕਿਸਾਨਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਵੀ ਜ਼ਿਕਰਯੋਗ ਹੈ ਕਿ ਖਨੌਰੀ ਦੀ ਅਨਾਜ ਮੰਡੀ ਵਿੱਚ ਇੱਕ ਹੀ ਸ਼ੈੱਡ ਹੈ ਜੋ ਕਿ ਬਹੁਤ ਥੋੜ੍ਹੀ ਜਗ੍ਹਾ ਵਿਚ ਬਣਿਆ ਹੋਇਆ ਹੈ ਅਤੇ ਕਿਸਾਨਾਂ ਨੂੰ ਆਪਣੀਆਂ ਸੋਨੇ ਰੂਪੀ ਕਣਕਾਂ ਦੇ ਢੇਰ ਇਸ ਸਮੇਂ ਚੱਲ ਰਹੇ ਖ਼ਰਾਬ ਮੌਸਮ ਦੇ ਚੱਲਦਿਆਂ ਖੁੱਲ੍ਹੇ ਅਸਮਾਨ ਹੇਠ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਉਧਰ ਸਰਕਾਰੀ ਖ਼ਰੀਦ ਹਾਲੇ ਤੱਕ ਸ਼ੁਰੂ ਨਾ ਹੋਣ ਕਰ ਕੇ ਜਿੱਥੇ ਕਿਸਾਨ ਪ੍ਰੇਸ਼ਾਨ ਹਨ ਉੱਥੇ ਆੜ੍ਹਤੀਆਂ ਵੱਲੋਂ ਵੀ ਕਣਕ ਦੀ ਖ਼ਰੀਦ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ | ਅਨਾਜ ਮੰਡੀ ਵਿੱਚ ਆਪਣੀ ਕਣਕ ਵੇਚਣ ਲਈ ਲੈ ਕੇ ਆਏ ਪਿੰਡ ਗੁਰੂਨਾਨਕ ਪੁਰਾ ਦੇ ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਦਿਨਾਂ ਤੋਂ ਆਪਣੀ ਕਣਕ ਦੀ ਖ਼ਰੀਦ ਹੋਣ ਦੀ ਉਡੀਕ ਵਿਚ ਇਸ ਖਨੌਰੀ ਦੀ ਅਨਾਜ ਮੰਡੀ ਵਿੱਚ ਬੈਠਾ ਹੈ ਤੇ ਜਿੱਥੇ ਹਾਲੇ ਕਣਕ ਦੀ ਖ਼ਰੀਦ ਨਹੀਂ ਸ਼ੁਰੂ ਹੋਈ ਉੱਥੇ ਇਸ ਖ਼ਰਾਬ ਮੌਸਮ ਦੌਰਾਨ ਖੁੱਲ੍ਹੇ ਅਸਮਾਨ ਹੇਠਾਂ ਆਪਣੀ ਕਣਕ ਦੇ ਢੇਰ ਦੀ ਰਖਵਾਲੀ ਕਰਨੀ ਪੈ ਰਹੀ ਹੈ | ਕਣਕ ਦੀ ਖ਼ਰੀਦ ਸਬੰਧੀ ਆੜ੍ਹਤੀ ਐਸੋਸੀਏਸ਼ਨ ਖਨੌਰੀ ਦੇ ਪ੍ਰਧਾਨ ਸਤਪਾਲ ਗਿੱਲ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਸ਼ਾਇਦ ਅੱਜ ਖ਼ਰੀਦ ਸ਼ੁਰੂ ਹੋ ਜਾਵੇ ਸਾਡੇ ਵੱਲੋਂ ਖ਼ਰੀਦ ਸ਼ੁਰੂ ਕਰਵਾਉਣ ਲਈ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ |