ਸੰਗਰੂਰ, 11 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਮੋਰਚੇ ਦੇ ਆਗੂਆਂ ਦੀਆਂ ਸਿੱਖਿਆਂ ਮੰਤਰੀ ਹਰਜੋਤ ਸਿੰਘ ਬੈਂਸ, ਪਰਸੋਨਲ ਸਕੱਤਰ ਸਿੱਖਿਆ ਵਿਭਾਗ ਨਾਲ ਹੋਈਆਂ ਮੀਟਿੰਗਾਂ ਬੇਸਿੱਟਾ ਹੀ ਰਹੀਆਂ ਹਨ | ਪਿਛਲੇ 107 ਦਿਨਾਂ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਪੱਕਾ ਮੋਰਚਾ ਲਗਾਈ ਬੈਠੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਅਮਨ ਸੇਖਾ, ਗੁਰਪ੍ਰੀਤ ਸਿੰਘ ਪੱਕਾ ਕਲਾਂ ਨੇ ਦੱਸਿਆ ਕਿ ਬੇਰੁਜ਼ਗਾਰਾਂ ਦੀ ਮੰਗ ਹੈ ਕਿ ਮਾਸਟਰ ਕੇਡਰ ਵਿਚ 55 ਫ਼ੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ, ਪਿਛਲੇ ਚਾਰ ਸਾਲਾਂ ਦੌਰਾਨ ਸਿਹਤ ਅਤੇ ਸਿੱਖਿਆ ਵਿਭਾਗ ਵਿਚ ਇੱਕ ਵੀ ਭਰਤੀ ਨਾ ਹੋਣ ਕਾਰਨ ਅਤੇ ਜੋ ਬੇਰੁਜ਼ਗਾਰ ਉੱਪਰਲੀ ਉਮਰ ਹੰਢਾ ਚੁੱਕੇ ਹਨ ਨੂੰ ਉਮਰ ਹੱਦ ਵਿਚ ਛੋਟ ਦਿੱਤੀ ਜਾਵੇ | ਉਨ੍ਹਾਂ ਦੱਸਿਆ ਕਿ ਪਹਿਲੀ ਮੀਟਿੰਗ ਪਰਸੋਨਲ ਸਕੱਤਰ ਸ੍ਰੀ ਮਤੀ ਗੁਰਪ੍ਰੀਤ ਕੌਰ ਸਪਰਾ ਨਾਲ, ਦੂਜੀ ਮੀਟਿੰਗ ਸਿੱਖਿਆ ਸਕੱਤਰ ਸੋਨਾਲੀ ਗਿਰਿ ਨਾਲ ਹੋਈ | ਸ੍ਰੀਮਤੀ ਗਿਰਿ ਨੇ ਬੇਰੁਜ਼ਗਾਰ ਸਾਂਝਾ ਮੋਰਚੇ ਦੇ ਆਗੂਆਂ ਨੂੰ ਦੱਸਿਆ ਕਿ ਲੈਕਚਰਾਰ ਦੀ ਭਰਤੀ ਸਬੰਧੀ ਸਮੁੱਚਾ ਮਾਮਲਾ ਵਿਚਾਰ ਅਧੀਨ ਹੈ | ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ ਮੀਟਿੰਗ ਸਬੰਧੀ ਉਨ੍ਹਾਂ ਦੱਸਿਆ ਕਿ ਮੀਟਿੰਗ ਉੱਕਤ ਮੰਗਾਂ ਦੇ ਹੱਲ ਲਈ ਇੱਕ ਵਾਰ ਮੁੱੜ ਲਾਰਾਂ ਹੀ ਲਗਾਇਆ ਹੈ | ਮੀਟਿੰਗਾਂ ਤੋਂ ਨਿਰਾਸ਼ ਬੇਰੁਜ਼ਗਾਰਾਂ ਨੇ ਕਿਹਾ ਕਿ ਸੰਘਰਸ਼ ਦੀ ਅਗਲੀ ਰੂਪ ਰੇਖਾ ਵਜੋਂ ਉਹ ਮੁੱਖ ਮੰਤਰੀ ਦੇ ਜਨਤਕ ਸਮਾਗਮਾਂ ਵਿਚ ਜਾ ਕੇ ਸਵਾਲ ਕਰਨਗੇ | ਇਸ ਮੌਕੇ ਬੇਰੁਜ਼ਗਾਰ ਆਗੂਆਂ ਵਿਚ ਲਲਿਤਾ ਪਟਿਆਲ਼ਾ, ਗੁਰਮੁੱਖ ਸਿੰਘ, ਮਨਪ੍ਰੀਤ ਸਿੰਘ, ਰਫੀ ਖਾਨ, ਨਿਤਿਨ ਰਾਜਪੁਰਾ ਮੌਜੂਦ ਸਨ |