ਭਵਾਨੀਗੜ੍ਹ, 11 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) - ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਪਿੰਡ ਬੀਂਬੜ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਤ 90 ਲਾਭਪਾਤਰੀਆਂ ਨੂੰ ਮਾਲਕੀ ਦੇ ਪ੍ਰਾਪਰਟੀ ਕਾਰਡ ਸੌਂਪੇ ਗਏ | ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਇੱਕ ਨੂੰ ਮਾਲਕੀ ਹੱਕ ਦੇ ਸਿਧਾਂਤ 'ਤੇ ਕੰਮ ਕਰ ਰਹੀ ਹੈ, ਤਾਂ ਜੋ ਕੋਈ ਵੀ ਪਰਿਵਾਰ ਆਪਣੇ ਘਰ ਜਾਂ ਪਲਾਟ ਉੱਤੇ ਕਾਨੂੰਨੀ ਹੱਕ ਤੋਂ ਵਾਂਝਾ ਨਾ ਰਹੇ | ਉਨ੍ਹਾਂ ਕਿਹਾ ਕਿ ਕਈ ਪਰਿਵਾਰ ਸਾਲਾਂ ਤੋਂ ਪਲਾਟਾਂ 'ਤੇ ਰਹਿ ਰਹੇ ਸਨ ਪਰ ਦਸਤਾਵੇਜ਼ ਨਾ ਹੋਣ ਕਰ ਕੇ ਵੱਖ-ਵੱਖ ਸਹੂਲਤਾਂ ਤੋਂ ਵਾਂਝੇ ਰਹਿੰਦੇ ਸਨ, ਹੁਣ ਇਹ ਕਾਰਡ ਮਿਲਣ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਦੂਰ ਹੋਣਗੀਆਂ | ਉਨ੍ਹਾਂ ਕਿਹਾ ਕਿ ਇਹ ਯੋਜਨਾ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਮਾਲਕੀ ਹੱਕ ਮਿਲਣ ਨਾਲ ਲੋਕ ਆਪਣੇ ਘਰਾਂ ਦੀ ਮੁਰੰਮਤ ਅਤੇ ਨਵੀਂ ਉਸਾਰੀ ਆਤਮਵਿਸ਼ਵਾਸ ਨਾਲ ਕਰ ਸਕਣਗੇ | ਵਿਧਾਇਕ ਨੇ ਦੱਸਿਆ ਕਿ ਪਿੰਡਾਂ ਦੇ ਵਿਕਾਸ ਲਈ ਸੜਕਾਂ, ਪੀਣਯੋਗ ਪਾਣੀ, ਸਿੱਖਿਆ, ਸਿਹਤ ਅਤੇ ਸਫਾਈ ਵਰਗੀਆਂ ਸਹੂਲਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਭਵਿੱਖ ਵਿੱਚ ਵੀ ਲੋਕ ਭਲਾਈ ਲਈ ਹੋਰ ਕਦਮ ਚੁੱਕੇ ਜਾਣਗੇ | ਸਮਾਗਮ ਦੌਰਾਨਐਸ ਡੀ ਐਮ ਮਨਜੀਤ ਕੌਰ, ਆਪ ਆਗੂ ਵਿਕਰਮਜੀਤ ਸਿੰਘ ਨਕਟੇ, ਸੁਖਮਨ ਬਾਲਦੀਆ , ਪੰਚਾਇਤ ਮੈਂਬਰ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ |