ਸੰਗਰੂਰ, 15 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਸੰਗਰੂਰ, ਸੁਨਾਮ ਰੋਡ ਸਥਿਤ ਪ੍ਰਸਿੱਧ ਵਿੱਦਿਅਕ ਸੰਸਥਾ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਵਿਖੇ ਨਵੀਂ ਸਿੱਖਿਆ ਨੀਤੀ (ਐਨ.ਈ.ਪੀ.-2020) ਆਧਾਰਿਤ ਇੱਕ ਵਿਸ਼ਾਲ ਅਤੇ ਗਿਆਨਵਰਧਕ ਸੈਮੀਨਾਰ ਕਰਵਾਇਆ ਗਿਆ | ਇਹ ਸੈਮੀਨਾਰ ਸਕੂਲ ਪਿ੍ੰਸੀਪਲ ਮਨਦੀਪ ਕੌਰ ਛੰਨਾ ਦੀ ਯੋਗ ਅਗਵਾਈ ਹੇਠ ਸੰਪੰਨ ਹੋਇਆ, ਜਿਸ ਵਿੱਚ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਦੇ ਨਾਲ-ਨਾਲ ਪੰਜਾਬ ਨੈਸ਼ਨਲ ਸਕੂਲ ਦੇ ਅਧਿਆਪਕਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ | ਸੈਮੀਨਾਰ ਦੌਰਾਨ ਰੀਸੋਰਸ ਪਰਸਨ ਡਾ. ਪਰਮਿੰਦਰ ਕੌਰ ਅਤੇ ਸ਼੍ਰੀ ਪ੍ਰੀਆ ਕਪੂਰ ਨੇ ਨਵੀਂ ਸਿੱਖਿਆ ਨੀਤੀ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਨੇ ਅਧਿਆਪਕਾਂ ਨੂੰ ਕੌਸ਼ਲ-ਅਧਾਰਿਤ ਸਿੱਖਿਆ, ਅਨੁਭਵੀ ਅਧਿਐਨ, ਬਹੁ-ਆਯਾਮੀ ਪਾਠਨ ਪੱਧਤੀਆਂ ਅਤੇ ਵਿਦਿਆਰਥੀ-ਕੇਂਦਿ੍ਤ ਸਿੱਖਣ ਪ੍ਰਕਿਰਿਆ ਸੰਬੰਧੀ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਦਿੱਤੇ | ਇਸ ਮੌਕੇ 'ਤੇ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਅਤੇ ਡਾ. ਸੀਮਾ ਅਰੋੜਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਨਵ ਚੇਤਨਾ ਲਿਆਉਣ ਵਾਲਾ ਇਤਿਹਾਸਕ ਉਪਰਾਲਾ ਹੈ, ਜੋ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ | ਪਿ੍ੰਸੀਪਲ ਮਨਦੀਪ ਕੌਰ ਛੰਨਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਅਧਿਆਪਕਾਂ ਨੂੰ ਸਮਕਾਲੀ ਸਿੱਖਿਅਕ ਰੁਝਾਨਾਂ ਨਾਲ ਜੋੜਦੇ ਹਨ ਅਤੇ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੇ ਹਨ | ਉਨ੍ਹਾਂ ਨੇ ਸਾਰੇ ਰਿਸੋਰਸ ਪਰਸਨ ਅਤੇ ਭਾਗੀਦਾਰ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਭਵਿੱਖ ਵਿੱਚ ਵੀ ਅਜਿਹੀਆਂ ਅਕਾਦਮਿਕ ਗਤੀਵਿਧੀਆਂ ਜਾਰੀ ਰੱਖੇਗਾ |