ਭਵਾਨੀਗੜ੍ਹ, 15 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਟੋਲ ਪਲਾਜ਼ਾ ਵਰਕਰ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੀ ਕੈਸ਼ਲੈੱਸ ਨੀਤੀ ਦਾ ਵਿਰੋਧ ਕਰਦਿਆਂ ਕਾਲਾਝਾੜ ਟੋਲ ਪਲਾਜ਼ਾ 3 ਘੰਟੇ ਤੱਕ ਪਰਚੀ ਮੁਕਤ ਕਰਕੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ 'ਤੇ ਟੋਲ ਪਲਾਜ਼ਾ ਪ੍ਰਧਾਨ ਦਵਿੰਦਰ ਪਾਲ ਸਿੰਘ, ਨਾਜਰ ਖ਼ਾਨ, ਨਰੈਣ ਸਿੰਘ, ਗੁਰਸੇਵਕ ਸਿੰਘ, ਦਮਨ ਸਿੰਘ, ਗੁਰਦੀਪ ਸਿੰਘ, ਹਰਦੇਵ ਸਿੰਘ, ਕੁਲਵਿੰਦਰ ਸਿੰਘ, ਰਾਜਿੰਦਰ ਸਿੰਘ, ਜੀਵਨ ਸਿੰਘ, ਰਾਮ ਲਾਲ, ਗੁਰਮੀਤ ਸਿੰਘ, ਪ੍ਰਭਜੋਤ ਸਿੰਘ, ਸਾਧਾ ਰਾਮ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲਖ਼ੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਕੈਸ਼ ਲੈਸ ਨੀਤੀ ਲਾਗੂ ਹੋਣ ਨਾਲ ਟੋਲ ਪਲਾਜ਼ਿਆਂ 'ਤੇ ਕੈਸ਼ ਕਾਊਾਟਰ ਬੰਦ ਹੋ ਜਾਣਗੇ, ਜਿਸ ਕਾਰਨ ਕਰੀਬ 150 ਨੌਜਵਾਨ ਬੇਰੁਜ਼ਗਾਰ ਹੋ ਜਾਣਗੇ | ਉਨ੍ਹਾਂ ਕਿਹਾ ਕਿ ਇਸ ਨਾਲ ਸਿਰਫ਼ ਕਰਮਚਾਰੀਆਂ ਨੂੰ ਹੀ ਨਹੀਂ, ਸਗੋਂ ਆਮ ਲੋਕਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਕਿਉਂਕਿ ਕੁਝ ਲੋਕ ਤਾਂ ਅਜੇ ਤੱਕ ਵੀ ਫਾਸਟਟੈਗ ਤੋਂ ਜਾਣੂ ਨਹੀਂ | ਉਨ੍ਹਾਂ ਦੱਸਿਆ ਕਿ ਕੈਸ਼ ਲੈਸ ਪ੍ਰਣਾਲੀ ਨਾਲ ਫਾਸਟਟੈਗ ਲਾਜ਼ਮੀ ਹੋ ਜਾਵੇਗਾ ਅਤੇ ਜਿਨ੍ਹਾਂ ਵਾਹਨਾਂ 'ਤੇ ਫਾਸਟੈਗ ਨਹੀਂ ਹੋਵੇਗਾ, ਉਹ ਟੋਲ ਪਲਾਜ਼ਾ ਤੋਂ ਨਹੀਂ ਲੰਘ ਸਕਣਗੇ | ਉਨ੍ਹਾਂ ਇਹ ਵੀ ਦੱਸਿਆ ਕਿ ਇਹ ਨੀਤੀ ਲਾਗੂ ਹੋਣ ਨਾਲ ਟੋਲ ਪਲਾਜ਼ਾ ਨੇੜਲੇ ਪਿੰਡ ਕਾਲਾਝਾੜ, ਰਾਜਪੁਰਾ, ਮਸਾਣੀ, ਚੰਨੋ ਅਤੇ ਨਦਾਮਪੁਰ ਆਦਿ ਨੂੰ ਜੋ ਟੋਲ ਮੁਕਤ ਦੀ ਸਕੀਮ ਮਿਲਦੀ ਹੈ, ਉਹ ਵੀ ਖ਼ਤਮ ਹੋ ਜਾਵੇਗੀ | ਇਸ ਮੌਕੇ 'ਤੇ 3 ਘੰਟੇ ਟੋਲ ਪਲਾਜ਼ਾ ਪਰਚੀ ਮੁਕਤ ਰਿਹਾ | ਇਸ ਮੌਕੇ 'ਤੇ ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਆਗੂਆਂ ਕੇਂਦਰ ਸਰਕਾਰ ਤੋਂ ਇਹ ਫੈਸਲਾ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਨਹੀਂ ਤਾਂ ਹੋਰ ਵੱਡਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹੋਰ ਆਗੂ ਵੀ ਹਾਜ਼ਰ ਸਨ |