ਲੌਂਗੋਵਾਲ, 18 ਅਪ੍ਰੈਲ (ਵਿਨੋਦ, ਖੰਨਾ) - ਲੌਂਗੋਵਾਲ ਦੇ ਵਿਰੋਧੀ ਧਿਰ ਦੇ ਕੌਂਸਲਰਾਂ ਅਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਅੱਜ ਨਗਰ ਪਾਲਿਕਾ ਦਫ਼ਤਰ ਵਿਖੇ ਇਕੱਠੇ ਹੋ ਕੇ ਨਵੀਆਂ ਵੋਟਰ ਸੂਚੀਆਂ ਵਿਚ ਸੁਧਾਈ ਨੂੰ ਲੈ ਕੇ ਸੱਤਾ ਪੱਖ ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ | ਅਕਾਲੀ ਆਗੂ ਅਤੇ ਨਗਰ ਕੌਂਸਲ ਦੇ ਪ੍ਰਧਾਨ ਪਰਮਿੰਦਰ ਕੌਰ ਬਰਾੜ, ਅਕਾਲੀ ਦਲ ਦੇ ਸੂਬਾ ਡੈਲੀਗੇਟ ਕੌਂਸਲਰ ਗੁਰਮੀਤ ਸਿੰਘ ਲੱਲੀ, ਕਾਂਗਰਸੀ ਆਗੂ ਕੌਂਸਲਰ ਸ਼ੁਕਰਪਾਲ ਸਿੰਘ ਬਟੂਹਾ, ਭਾਜਪਾ ਆਗੂ ਵਿਜੇ ਗੋਇਲ, ਅਕਾਲੀ ਆਗੂ ਕਮਲ ਬਰਾੜ, ਕਾਂਗਰਸੀ ਆਗੂ ਗੁਰਮੇਲ ਸਿੰਘ ਚੋਟੀਆਂ ਅਤੇ ਕਾਂਗਰਸੀ ਆਗੂ ਡਾ. ਬਲਵੰਤ ਸਿੰਘ ਗੁੰਮਟੀ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਇਹ ਆਦੇਸ਼ ਕੀਤੇ ਹਨ ਕਿ ਨਗਰ ਕੌਂਸਲਾਂ ਦੀਆਂ ਵੋਟਰ ਸੂਚੀਆਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸੁਧਾਈ ਲਈ ਇਤਰਾਜ਼ ਅਤੇ ਦਾਅਵੇ ਪੇਸ਼ ਕਰਨ ਲਈ 16 ਅਪ੍ਰੈਲ ਤੋਂ 23 ਅਪ੍ਰੈਲ ਤੱਕ ਵੋਟਰ ਸੂਚੀਆਂ ਆਮ ਲੋਕਾਂ ਲਈ ਨਗਰ ਕੌਂਸਲਾਂ ਦੇ ਦਫ਼ਤਰਾਂ ਵਿਚ ਉਪਲਬਧ ਕਰਵਾਈਆਂ ਜਾਣ | ਪ੍ਰੰਤੂ ਅੱਜ 18 ਤਰੀਕ ਹੋ ਗਈ ਹੈ ਵੋਟਰ ਸੂਚੀਆਂ ਉਪਲਬਧ ਤਾਂ ਕੀ ਕਰਵਾਉਣੀਆਂ ਸਨ ਇੱਥੇ ਕੋਈ ਮੁਲਾਜ਼ਮ ਹੀ ਹਾਜ਼ਰ ਨਹੀਂ ਹੈ | ਇਹ ਸਾਰਾ ਕੁੱਝ ਸੱਤਾ ਪੱਖ ਕੌਂਸਲਰ ਬਣਨ ਦੇ ਚਾਹਵਾਨ ਆਪ ਆਗੂਆਂ ਵਲੋਂ ਕੀਤਾ ਜਾ ਰਿਹਾ ਹੈ ਤਾਂ ਜੋ ਆਪਣੇ ਹਿਸਾਬ ਨਾਲ ਵੋਟਰ ਸੂਚੀਆਂ ਬਣਵਾ ਸਕਣ | ਇਸੇ ਤਰਾਂ ਹੀ ਸੱਤਾ ਪੱਖ ਨੇ ਸਾਡੇ ਨਾਲ ਵਾਰਡਬੰਦੀ ਵੇਲੇ ਕੀਤਾ ਸੀ ਉਦੋਂ ਵੀ ਸਰਕਾਰੀ ਹੁਕਮਾਂ ਦੇ ਉਲਟ ਆਪ ਆਗੂਆਂ ਨੇ ਚੋਰੀ ਛਿਪੇ ਨਕਸ਼ੇ ਬਨਵਕੇ ਪੂਰਨ ਧੱਕੇਸ਼ਾਹੀ ਨਾਲ ਵਾਰਡਬੰਦੀ ਕੀਤੀ ਗਈ | ਇਤਰਾਜ਼ ਅਤੇ ਦਾਅਵੇ ਪੇਸ਼ ਕਰਨ ਦੀ ਅੰਤਿਮ ਮਿਤੀ 23 ਅਪ੍ਰੈਲ ਹੈ ਕਦੋਂ ਅਸੀਂ ਇਤਰਾਜ਼ ਪੇਸ਼ ਕਰਾਂਗੇ ਅਤੇ ਕਦੋਂ ਸੁਧਾਈ ਹੋ ਕੇ ਆਵੇਗੀ | ਉਨਾਂ ਕਿਹਾ ਕਿ ਇਸ ਖੇਤਰ ਲਈ ਤਹਿਸੀਲਦਾਰ ਸਾਹਿਬ ਨੂੰ ਏ.ਆਰ. ਨਿਯੁਕਤ ਕੀਤਾ ਗਿਆ ਹੈ ਜੋਕਿ ਫ਼ੋਨ ਹੀ ਨਹੀਂ ਚੁੱਕਦੇ ਅਤੇ ਕਾਰਜ ਸਾਧਕ ਅਫ਼ਸਰ ਇਸ ਮਾਮਲੇ ਤੇ ਅਣਜਾਣਤਾ ਪ੍ਰਗਟ ਕਰ ਰਹੇ ਹਨ | ਉਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਦਫ਼ਤਰ ਖੁੱਲੇ ਰੱਖਣ ਦੇ ਹੁਕਮ ਵੀ ਕੀਤੇ ਗਏ ਹਨ ਪ੍ਰੰਤੂ ਇਸ ਦੇ ਬਾਵਜੂਦ ਲੌਂਗੋਵਾਲ ਦੇ ਨਗਰ ਕੌਂਸਲ ਦਫ਼ਤਰ ਵਿਚ ਕੋਈ ਕਰਮਚਾਰੀ ਮੌਜੂਦ ਨਹੀਂ ਹੈ | ਉਨਾਂ ਮੰਗ ਕੀਤੀ ਕਿ ਚੋਣ ਕਮਿਸ਼ਨ ਦੇ ਹੁਕਮਾਂ ਦੀ ਤਾਮੀਲ ਕੀਤੀ ਜਾਵੇ ਅਤੇ ਵੋਟਰ ਸੂਚੀਆਂ ਆਮ ਲੋਕਾਂ ਲਈ ਉਪਲਬਧ ਕਰਵਾਈਆਂ ਜਾਣ |