ਅਮਰਗੜ੍ਹ, 18 ਅਪ੍ਰੈਲ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਖ਼ਰੀਦ ਸਬੰਧੀ ਕੇਂਦਰ ਸਰਕਾਰ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ | ਕਣਕ ਦੇ ਖ਼ਰੀਦ ਨਿਯਮਾਂ ਵਿਚ ਢਿੱਲ ਦੇਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ | ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਹਲਕਾ ਅਮਰਗੜ੍ਹ ਤੋਂ ਭਾਜਪਾ ਇੰਚਾਰਜ ਹੀਰਾ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖ਼ੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਲਾਦ ਜੋਸ਼ੀ ਦਾ ਖ਼ਾਸ ਧੰਨਵਾਦ ਕੀਤਾ ਹੈ | ਅਮਰਗੜ੍ਹ ਦਾਣਾ ਮੰਡੀ 'ਚ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਆਗੂ ਹੀਰਾ ਸਿੰਘ ਨੇ ਕਿਹਾ ਕਿ ਮਾਰਚ-ਅਪ੍ਰੈਲ ਦੌਰਾਨ ਹੋਈ ਬੇਮੌਸਮੀ ਬਰਸਾਤ ਕਾਰਨ ਕਣਕ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਸੀ, ਜਿਸ ਕਰ ਕੇ ਕਿਸਾਨਾਂ ਵੱਲੋਂ ਖ਼ਰੀਦ ਦੇ ਗੁਣਵੱਤਾ ਮਾਪਦੰਡਾਂ 'ਚ ਢਿੱਲ ਦੀ ਮੰਗ ਕੀਤੀ ਜਾ ਰਹੀ ਸੀ ਤੇ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਦੀ ਮੰਗ ਮੰਨਦਿਆਂ ਲਿਆ ਗਿਆ ਇਹ ਫ਼ੈਸਲਾ ਪੰਜਾਬ ਦੇ ਕਿਸਾਨਾਂ ਲਈ ਸੰਕਟ ਸਮੇਂ 'ਚ ਵੱਡੀ ਮਦਦ ਸਾਬਤ ਹੋਵੇਗਾ | ਉਨ੍ਹਾਂ ਦੱਸਿਆ ਕਿ ਹੁਣ ਤੱਕ 12 ਲੱਖ ਮੀਟਿ੍ਕ ਟਨ ਤੋਂ ਵੱਧ ਕਣਕ ਮੰਡੀਆਂ ਵਿਚ ਆ ਚੁੱਕੀ ਹੈ ਅਤੇ ਇਸ ਛੂਟ ਨਾਲ ਖ਼ਰੀਦ ਪ੍ਰਕਿਰਿਆ ਤੇਜ਼ ਹੋਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੀ ਰਹੀ ਹੈ ਅਤੇ 2023 ਵਿਚ ਵੀ ਇਸ ਤਰ੍ਹਾਂ ਦੀ ਛੂਟ ਦਿੱਤੀ ਗਈ ਸੀ ਤੇ ਹੁਣ ਵੀ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ |ਇਸ ਮੌਕੇ ਆੜ੍ਹਤੀਆਂ ਅਤੇ ਕਿਸਾਨਾਂ ਨੇ ਭਾਜਪਾ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਗੋਬਿੰਦਰ ਸਿੰਘ, ਪਵਨ ਕੁਮਾਰ ਸ਼ਰਮਾ ਸਰਕਲ ਪ੍ਰਧਾਨ, ਲੋਕ ਰਾਜ, ਸਵਰਨ ਸਿੰਘ, ਚਰਨਜੀਤ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ ਆੜ੍ਹਤੀਆ ਤੇ ਜੱਗੀ ਸਿੰਘ ਆਦਿ ਹਾਜ਼ਰ ਸਨ |