ਮਲੇਰਕੋਟਲਾ, 18 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਪੂਰੇ ਦੇਸ਼ ਦੀ ਜਨਗਣਨਾ-2026 ਪਹਿਲੀ ਵਾਰ ਡਿਜੀਟਲ ਰੂਪ ਵਿਚ ਕਰਵਾਈ ਜਾ ਰਹੀ ਹੈ, ਜਿਸ ਲਈ ਜ਼ਿਲ੍ਹਾ ਮਲੇਰਕੋਟਲਾ ਵਿਚ ਵਿਸਥਾਰਪੂਰਵਕ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ | ਉਪਰੋਕਤ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਸੈਂਸਸ ਅਫ਼ਸਰ ਰਾਜਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਕਾਰਜ ਲਈ ਸਹਾਇਕ ਨੋਡਲ ਅਧਿਕਾਰੀ, ਵਧੀਕ ਜ਼ਿਲ੍ਹਾ ਸੈਂਸਸ ਅਧਿਕਾਰੀ, 6 ਚਾਰਜ ਅਫ਼ਸਰ, 16 ਫ਼ੀਲਡ ਟਰੇਨਰ, 126 ਸੁਪਰਵਾਈਜ਼ਰ ਅਤੇ ਕਰੀਬ 750 ਗਿਣਤੀਕਾਰ (ਰਾਖਵਾਂ ਸਟਾਫ਼ ਸਮੇਤ) ਤਾਇਨਾਤ ਕੀਤੇ ਗਏ | ਉਨ੍ਹਾਂ ਦੱਸਿਆ ਕਿ ਘਰਾਂ ਦੀ ਸੂਚੀਕਰਨ ਕਾਰਵਾਈ (ਐੱਚ. ਐਲ.ਓ.) ਦਾ ਪਹਿਲਾ ਪੜਾਅ 15 ਮਈ ਤੋਂ 13 ਜੂਨ ਤੱਕ ਚਲਾਇਆ ਜਾਵੇਗਾ | ਉਨ੍ਹਾਂ ਅੱਗੇ ਦੱਸਿਆ ਕਿ ਸੈਲਫ-ਇਨਿਊਮਰੇਸ਼ਨ ਲਈ ਨਾਗਰਿਕ ਸਰਕਾਰੀ ਪੋਰਟਲ 'ਤੇ ਲੌਗਇਨ ਕਰ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਆਸਾਨੀ ਨਾਲ ਭਰ ਸਕਦੇ ਹਨ | ਫਾਰਮ ਭਰਨ ਉਪਰੰਤ ਜਨਰੇਟ ਹੋਣ ਵਾਲੀ 'ਸੈਲਫ-ਇਨਿਊਮਰੇਸ਼ਨ ਆਈ.ਡੀ.' ਜਨਗਣਨਾ ਕਰਮਚਾਰੀ ਨੂੰ ਦਿਖਾ ਕੇ ਜਾਣਕਾਰੀ ਦੀ ਪੁਸ਼ਟੀ ਕਰਵਾਈ ਜਾ ਸਕਦੀ ਹੈ | ਉਨ੍ਹਾਂ ਹੋਰ ਦੱਸਿਆ ਕਿ ਇਸ ਪ੍ਰਕਿਰਿਆ ਤਹਿਤ ਕੁੱਲ 33 ਪ੍ਰਸ਼ਨ ਪੁੱਛੇ ਜਾਣਗੇ, ਜਿਨ੍ਹਾਂ ਵਿਚ ਘਰ ਦੀ ਸਥਿਤੀ, ਬੁਨਿਆਦੀ ਸਹੂਲਤਾਂ ਅਤੇ ਪਰਿਵਾਰਕ ਜਾਣਕਾਰੀ ਸ਼ਾਮਿਲ ਹੋਵੇਗਾ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੈਲਫ-ਇਨਿਊਮਰੇਸ਼ਨ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ, ਤਾਂ ਜੋ ਜਨਗਣਨਾ ਦੀ ਪ੍ਰਕਿਰਿਆ ਨੂੰ ਤੇਜ਼, ਪਾਰਦਰਸ਼ੀ ਅਤੇ ਆਸਾਨ ਬਣਾਇਆ ਜਾ ਸਕੇ |