ਸੰਗਰੂਰ, 18 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਦੂਨ ਇੰਟਰਨੈਸ਼ਨਲ ਸਕੂਲ ਸੰਗਰੂਰ ਵੱਲੋਂ ਵਿਸ਼ਵ ਵਿਰਾਸਤ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਵਿੱਚ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਸ਼ਬਦ ਗਾਇਨ, ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤਾ | ਸਕੂਲ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਵਿੱਦਿਅਕ ਟੂਰ ਦਾ ਕੱਢਿਆ ਗਿਆ, ਜਿਸ ਤਹਿਤ ਬੱਚਿਆਂ ਨੂੰ ਸੰਗਰੂਰ ਬਨਾਸਰ ਬਾਗ਼ ਵਿੱਚ ਸਥਿਤ ਇਤਿਹਾਸਿਕ ਅਜਾਇਬ ਘਰ ਦੀ ਯਾਤਰਾ ਕਰਵਾਈ ਗਈ | ਪਾਣੀ ਨਾਲ ਘਿਰੀ ਚਿੱਟੇ ਸੰਗਮਰਮਰ ਦੀ ਬਾਰਾਂਦਰੀ ਦੇ ਅੰਦਰ ਸਥਿਤ, ਅਜਾਇਬ ਘਰ ਜੀਂਦ ਰਾਜ ਰਿਆਸਤ ਦੇ ਯੁੱਗ ਦੇ ਇਤਿਹਾਸਿਕ ਹਥਿਆਰਾਂ, ਕਲਾਕਿ੍ਤੀਆਂ ਅਤੇ ਸ਼ਾਹੀ ਵਸਤੂਆਂ ਨੂੰ ਪ੍ਰਦਰਸ਼ਿਤ ਕਰਦਾ ਹੈ | ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਹਰ ਇੱਕ ਵਸਤੂ ਤੇ ਇਤਿਹਾਸਿਕ ਮਹੱਤਵ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੇ ਦੱਸਿਆ ਅਸੀਂ ਕਿਤਾਬਾਂ ਵਿੱਚ ਜੋ ਪੜ੍ਹਦੇ ਸੀ, ਅੱਜ ਉਸ ਨੂੰ ਆਪਣੀਆਂ ਅੱਖਾਂ ਨਾਲ ਦੇਖ ਕੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ | ਬੱਚਿਆਂ ਨੇ ਇਤਿਹਾਸਿਕ ਯਾਦਗਾਰਾਂ ਨਾਲ ਤਸਵੀਰਾਂ ਵੀ ਖਿਚਵਾਈਆਂ | ਸਕੂਲ ਦੇ ਚੇਅਰਮੈਨ ਅਜੀਤਇੰਦਰ ਸਿੰਘ ਮਾਨਸ਼ਾਹੀਆ, ਡਾਇਰੈਕਟਰ ਹਰਨੀਤ ਕੌਰ ਮਾਨਸ਼ਾਹੀਆ ਅਤੇ ਪਿ੍ੰਸੀਪਲ ਅੰਜਲੀ ਸਿੱਧੂ ਨੇ ਕਿਹਾ ਕਿ ਅਜਿਹੇ ਟੂਰਾਂ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਆਪਣੇ ਪੁਰਖਿਆਂ ਦੇ ਸ਼ਾਨਾਮੱਤੇ ਇਤਿਹਾਸ ਅਤੇ ਵਿਰਸੇ ਨਾਲ ਜੋੜਨਾ ਹੈ | ਅਜਾਇਬ ਘਰ ਦੀ ਇਤਿਹਾਸਿਕ ਮਹੱਤਤਾ ਦੱਸਦਿਆਂ ਕਿਹਾ ਕਿ ਇਹ ਸੰਗਮਰਮਰ ਦੀ ਬਾਰਾਂਦਰੀ 1822-1834 ਦੇ ਵਿਚਕਾਰ ਜੀਂਦ ਰਿਆਸਤ ਦੇ ਰਾਜਾ ਸੰਗਤ ਸਿੰਘ ਦੁਆਰਾ ਗਰਮੀਆਂ ਦੇ ਰਿਟਰੀਟ ਵਜੋਂ ਬਣਾਈ ਗਈ ਸੀ |