ਸੁਨਾਮ ਊਧਮ ਸਿੰਘ ਵਾਲਾ, 21 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਪਿ੍ੰਸੀਪਲ ਸਾਮ ਸੁੰਦਰ ਸ਼ਰਮਾ ਦੀ ਅਗਵਾਈ ਵਿਚ ਐਨ.ਐੱਸ.ਐੱਸ ਵਿਭਾਗ ਵੱਲੋਂ ਇਕ ਰੋਜ਼ਾ ਕੈਂਪ ਲਗਾਇਆ ਗਿਆ | ਜਿਸ ਤਹਿਤ ਰੋਜ਼ ਗਾਰਡਨ ਸੁਨਾਮ ਦੀ ਸਫ਼ਾਈ ਦੇ ਨਾਲ-ਨਾਲ ਬਾਬਾ ਮੂਲ ਚੰਦ ਸਾਹਿਬ ਦੇ ਦਰਬਾਰ ਨੂੰ ਸਾਫ਼ ਕੀਤਾ ਗਿਆ | ਕੈਂਪ ਦੌਰਾਨ ਵਲੰਟੀਅਰਜ਼ ਨੇ ਪੋਸ਼ਣ ਮਾਹ ਤਹਿਤ ਜਿੰਦਲ ਹਸਪਤਾਲ ਜੱਚਾ ਬੱਚਾ ਹਸਪਤਾਲ ਵਿਖੇ ਮਾਹਿਰ ਡਾ. ਸਹਿਲਜਾ ਜਿੰਦਲ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਲੋਂ ਬੱਚਿਆਂ ਦੇ ਖਾਣ ਪੀਣ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪੌਸ਼ਟਿਕ ਭੋਜਨ ਖਾਣ ਦੀ ਸਲਾਹ ਦਿੱਤੀ | ਇਸ ਮੌਕੇ 'ਤੇ ਵਲੰਟੀਅਰਸ ਨੇ 'ਸੇ ਨੋ ਟੂ ਪਲਾਸਟਿਕ' ਤਹਿਤ ਬਜਾਰ ਦੀਆਂ ਵੱਖ-ਵੱਖ ਦੁਕਾਨਾਂ ਦਾ ਦੌਰਾ ਕੀਤਾ ਅਤੇ ਦੁਕਾਨਦਾਰਾ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ | ਵਾਤਾਵਰਨ ਵਿਚ ਵਧ ਰਹੀ ਗਰਮੀ ਮੁਹਿੰਮ ਤਹਿਤ ਵਲੰਟੀਅਰਸ ਨੇ ਕਾਲਜ ਦੇ ਕੈਂਪਸ ਵਿਚ ਛਾਂਦਾਰ ਬੂਟੇ ਵੀ ਲਗਾਏ | ਕੈਂਪ ਦੀ ਦੇਖ ਰੇਖ ਐਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਗੁਰਪ੍ਰੀਤ ਸਿੰਘ ਯੂਨਿਟ, ਡਾਕਟਰ ਮਨੀਤਾ ਜੋਸ਼ੀ, ਪ੍ਰੋਫੈਸਰ ਕਾਲਾ ਸਿੰਘ, ਡਾਕਟਰ ਮਨਪ੍ਰੀਤ ਕੌਰ ਹਾਂਡਾ ਵਲੋਂ ਕੀਤੀ ਗਈ | ਇਸ ਮੌਕੇ ਪ੍ਰੋਫੈਸਰ ਡਾਕਟਰ ਪਰਵਿੰਦਰ ਕੌਰ, ਡਾਕਟਰ ਕੁਲਦੀਪ ਬਾਹੀਆ, ਮਨਪ੍ਰੀਤ ਕੌਰ, ਪ੍ਰੋਫੈਸਰ ਸਿਮਰਨਜੀਤ ਕੌਰ ਲਾਇਬ੍ਰੇਰੀਅਨ ਵਿਭਾਗ ਤੋਂ ਪ੍ਰੋਫੈਸਰ ਰੁਪਾਲੀ ਅਤੇ ਹਰਮਨ ਸਿੰਘ ਆਦਿ ਮੌਜੂਦ ਸਨ |