ਛਾਜਲੀ, 21 ਅਪ੍ਰੈਲ (ਅਜਾਇਬ ਸਿੰਘ ਨੀਲੋਵਾਲ)-ਇੱਥੋਂ ਨੇੜਲੇ ਪਿੰਡ ਛਾਜਲਾ ਦੇ ਇੱਕ ਕੰਬਾਈਨ ਮਾਲਕ ਦੀ ਬੇਵਕਤੀ ਮੌਤ ਹੋਣ ਨਾਲ ਪਿੰਡ ਵਿੱਚ ਗਹਿਰਾ ਸੋਗ ਛਾ ਗਿਆ | ਜਾਣਕਾਰੀ ਦਿੰਦਿਆਂ ਜਗਤਾਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਮਿ੍ਤਕ ਸਤਨਾਮ ਸਿੰਘ ਗਿਆਨੀ (43) ਪੁੱਤਰ ਜੋਗਿੰਦਰ ਸਿੰਘ, ਜੋ ਪਿਛਲੇ 17 ਸਾਲਾਂ ਤੋਂ ਜ਼ਿਲ੍ਹਾ ਸ੍ਰੀ ਅੰਮਿ੍ਤਸਰ ਸਾਹਿਬ ਦੇ ਜੰਡਿਆਲਾ ਗੁਰੂ ਕਾ ਵਿਖੇ ਆਪਣੀ ਕੰਬਾਈਨ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੀ ਵਾਢੀ ਕਰਦਾ ਸੀ | ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਸਤਨਾਮ ਸਿੰਘ ਖੜ੍ਹੀ ਕੰਬਾਈਨ ਦੇ ਥੱਲ੍ਹੇ ਬੈਠ ਕੇ ਫੈਵੀਕੋਲ ਨਾਲ ਨਮਦਾ ਲਗਾ ਰਿਹਾ ਸੀ | ਜਦੋਂ ਉਹ ਬਾਹਰ ਨਿਕਲਿਆ ਤਾਂ ਅਚਾਨਕ ਦੋਵੇਂ ਟਾਇਰਾਂ ਦੇ ਵਿਚਕਾਰ ਗੇਅਰ ਬਾਕਸ ਦੇ ਰਾੜੇ ਨੂੰ ਹੱਥ ਲੱਗਣ ਨਾਲ ਕੰਬਾਈਨ ਬੈਕ ਗੇਅਰ ਵਿੱਚ ਚੱਲ ਪਈ ਅਤੇ ਉਸ ਦੇ ਉੱਪਰੋਂ ਲੰਘ ਗਈ | ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਉਸ ਨੂੰ ਜੰਡਿਆਲਾ ਗੁਰੂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲ ਸਕਿਆ ਅਤੇ ਉਸ ਦੀ ਮੌਤ ਹੋ ਗਈ | ਮਿ੍ਤਕ ਦਾ ਅੰਤਿਮ ਸੰਸਕਾਰ ਪਿੰਡ ਛਾਜਲਾ ਦੇ ਸ਼ਮਸ਼ਾਨਘਾਟ ਵਿੱਚ ਸੈਂਕੜਿਆਂ ਨਮ ਅੱਖਾਂ ਨਾਲ ਕੀਤਾ ਗਿਆ | ਪਰਿਵਾਰ ਵਿੱਚ ਇੱਕ 12 ਸਾਲ ਦਾ ਪੁੱਤਰ ਅਤੇ ਦੋ ਨੌਜਵਾਨ ਧੀਆਂ ਹਨ | ਘਰ ਵਿੱਚ ਕਮਾਈ ਦਾ ਕੋਈ ਹੋਰ ਸਾਧਨ ਨਾ ਹੋਣ ਕਾਰਨ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ | ਨੰਬਰਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਨੇ ਜੰਡਿਆਲਾ ਗੁਰੂ ਵਿਖੇ ਆਪਣਾ ਘਰ ਵੀ ਬਣਾਇਆ ਹੋਇਆ ਸੀ ਅਤੇ ਪਿੰਡ ਵਾਸੀਆਂ ਨਾਲ ਉਸ ਦਾ ਬਹੁਤ ਚੰਗਾ ਮੇਲ-ਜੋਲ ਸੀ | ਇਸੇ ਕਰ ਕੇ ਉਹ ਲਗਾਤਾਰ 17 ਸਾਲਾਂ ਤੋਂ ਉੱਥੇ ਹੀ ਜਾ ਕੇ ਕਣਕ ਦੀ ਵਾਢੀ ਕਰਦਾ ਰਿਹਾ |