ਲੌਂਗੋਵਾਲ, 22 ਅਪ੍ਰੈਲ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਲੌਂਗੋਵਾਲ ਦੇ ਫੂਡ ਇੰਜੀਨੀਅਰਿੰਗ ਵਿਭਾਗ ਦੇ ਡਿਪਲੋਮਾ ਵਿਦਿਆਰਥੀਆਂ ਵੱਲੋਂ ਆਧੁਨਿਕ ਫੂਡ ਪ੍ਰੋਸੈਸਿੰਗ ਤਕਨੀਕਾਂ ਦੀ ਪ੍ਰੈਕਟੀਕਲ ਜਾਣਕਾਰੀ ਹਾਸਲ ਕਰਨ ਲਈ ਐੱਸ.ਕੇ. ਐਗਰੋ ਫੂਡ ਇੰਡਸਟਰੀਜ਼ ਦੇ ਪਲਾਂਟ ਦਾ ਉਦਯੋਗਿਕ ਦੌਰਾ ਕੀਤਾ | ਇਹ ਦੌਰਾ ਸਲਾਈਟ ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਦੀ ਅਗਵਾਈ ਹੇਠ ਅਤੇ ਵਿਭਾਗ ਮੁਖੀ ਪ੍ਰੋਫੈਸਰ ਸੀ.ਐਸ. ਰਿਆੜ ਦੇ ਮਾਰਗ ਦਰਸ਼ਨ ਵਿੱਚ ਕਰਵਾਇਆ ਗਿਆ | ਇਸ ਮੌਕੇ ਪ੍ਰੋ. ਨਵਦੀਪ ਜਿੰਦਲ, ਮੈਡਮ ਪ੍ਰਵੀਨ ਕੁਮਾਰੀ ਅਤੇ ਇੰਜ. ਅਸ਼ਵਨੀ ਕੁਮਾਰ ਮੌਜੂਦ ਸਨ | ਉਦਯੋਗਿਕ ਪਲਾਂਟ 'ਤੇ ਪਹੁੰਚਣ 'ਤੇ ਪ੍ਰੋਪਰਾਈਟਰ ਨਵਲ ਗਰਗ ਅਤੇ ਐਡ. ਅਭਿਸ਼ੇਕ ਗਰਗ ਵੱਲੋਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਸਵਿਟਜ਼ਰਲੈਂਡ ਤੋਂ ਲਿਆਂਦੀ ਅਤਿ-ਆਧੁਨਿਕ ਮਸ਼ੀਨਰੀ ਅਤੇ ਪਲਾਂਟ ਦੀਆਂ ਨਿਰਮਾਣ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸੀਨੀਅਰ ਪ੍ਰੋਪਰਾਈਟਰ ਸੰਜੇ ਗਰਗ ਨੇ ਦੱਸਿਆ ਕਿ ਇੱਥੇ ਉੱਚ ਮਿਆਰੀ ਲੈਬ ਟੈਸਟਿੰਗ, ਸੰਭਾਲ, ਕੁਆਲਿਟੀ ਕੰਟਰੋਲ ਅਤੇ ਆਟੋਮੈਟਿਕ ਪੈਕਿੰਗ ਪ੍ਰਕਿਰਿਆਵਾਂ ਰਾਹੀਂ ਆਟਾ, ਮੈਦਾ, ਦਲੀਆ, ਚੋਕਰ ਅਤੇ ਸੂਜੀ ਵਰਗੇ ਉਤਪਾਦ ਤਿਆਰ ਕੀਤੇ ਜਾਂਦੇ ਹਨ | ਸੰਜੇ ਗਰਗ ਨੇ ਜ਼ੋਰ ਦੇ ਕੇ ਕਿਹਾ ਕਿ ਭੋਜਨ ਉਤਪਾਦਨ ਵਿੱਚ ਸਖ਼ਤ ਸੁਰੱਖਿਆ ਪ੍ਰੋਟੋਕੋਲਾਂ ਦੀ ਪਾਲਨਾ ਕੀਤੀ ਜਾਂਦੀ ਹੈ ਅਤੇ ਕੁਆਲਿਟੀ ਮਾਪਦੰਡਾਂ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾਂਦਾ, ਜਿਸ ਕਰਕੇ ਦੇਸ਼ ਦੇ ਪ੍ਰਮੁੱਖ ਬ੍ਰਾਂਡ ਇਸ ਇਕਾਈ ਨਾਲ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ | ਇਸ ਦੌਰੇ ਦੌਰਾਨ, ਵਿਦਿਆਰਥੀਆਂ ਨੇ ਇੱਕ ਆਧੁਨਿਕ ਆਟਾ ਚੱਕੀ ਸੈੱਟਅਪ ਵਿੱਚ ਕਣਕ ਦੀ ਮਿਲਿੰਗ ਦੀ ਪੂਰੀ ਪ੍ਰਕਿਰਿਆ ਬਾਰੇ ਸਿੱਖਿਆ, ਜਿਸ ਵਿੱਚ ਸਫ਼ਾਈ, ਪੀਸਣਾ ਅਤੇ ਗਰੇਡਿੰਗ ਸ਼ਾਮਲ ਹੈ | ਪ੍ਰੋਪਰਾਈਟਰ ਐਡ. ਅਭਿਸ਼ੇਕ ਗਰਗ ਨੇ ਕੱਚੀ ਕਣਕ ਦੀ ਖ਼ਰੀਦ, ਪ੍ਰੋਸੈਸਿੰਗ ਤਕਨੀਕਾਂ ਅਤੇ ਕਣਕ ਦੇ ਆਟੇ ਦੇ ਵੱਖ-ਵੱਖ ਗ੍ਰੇਡਾਂ ਦੀ ਪੈਕਿੰਗ ਬਾਰੇ ਡੂੰਘਾਈ ਨਾਲ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਨੇ ਛਾਣ ਅਤੇ ਸੂਜੀ ਵਰਗੇ ਉਪ-ਉਤਪਾਦਾਂ ਦੇ ਉਤਪਾਦਨ ਅਤੇ ਵਰਤੋਂ ਤੋਂ ਇਲਾਵਾ ਪੈਕਿੰਗ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ ਜਿਸ ਨਾਲ ਉਤਪਾਦ ਦੀ ਤਾਜ਼ਗੀ ਸੁਰੱਖਿਆ ਅਤੇ ਮਾਰਕੀਟ ਵਿੱਚ ਆਕਰਸ਼ਣ ਬਰਕਰਾਰ ਰੱਖਿਆ ਜਾਂਦਾ ਹੈ | ਦੌਰੇ ਤੋਂ ਬਾਅਦ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਪਲਾਂਟ ਵਿਚ ਲੱਗੀ ਵਿਦੇਸ਼ੀ ਮਸ਼ੀਨਰੀ ਇੰਜੀਨੀਅਰਿੰਗ ਦਾ ਬਿਹਤਰੀਨ ਨਮੂਨਾ ਹੈ ਅਤੇ ਤਿਆਰ ਕੀਤੇ ਉਤਪਾਦ ਪੂਰੀ ਤਰ੍ਹਾਂ ਸੁਰੱਖਿਅਤ ਤੇ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਤਿਆਰ ਕੀਤੇ ਜਾਂਦੇ ਹਨ |
ਸਲਾਈਟ ਡਿਪਲੋਮਾ ਦੇ ਵਿਦਿਆਰਥੀਆਂ ਵਲੋਂ ਐਸ.ਕੇ. ਐਗਰੋ ਫੂਡਜ਼ ਦਾ ਉਦਯੋਗਿਕ ਦੌਰਾ <br/>
ਅਜੀਤ ਡੈਸਕ
23-04-2026