ਖਨੌਰੀ, 22 ਅਪ੍ਰੈਲ (ਬਲਵਿੰਦਰ ਸਿੰਘ ਥਿੰਦ) - ਖਨੌਰੀ ਬੱਸ ਸਟੈਂਡ ਵਾਲੇ ਕੱਟ ਤੋਂ ਭਾਖੜਾ ਨਹਿਰ ਕਿਨਾਰੇ ਬਣੀ ਠਸਕਾ ਟੋਹਾਣਾ ਤੱਕ ਸਾਰੀ ਸੜਕ, ਜਿਸ ਦੀ ਕਿ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਸੀ, ਨੂੰ ਬਣਾਏ ਜਾਣ ਪ੍ਰਤੀ ਪਿਛਲੇ ਦਿਨੀਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਵੱਲੋਂ ਪਿਛਲੇ ਸਾਲ 24 ਅਗਸਤ ਨੂੰ ਨੀਂਹ ਪੱਥਰ ਰੱਖਣ ਉਪਰੰਤ ਇਸ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਅਤੇ ਇਸ 'ਤੇ ਪੱਥਰ ਮਿੱਟੀ ਵਗ਼ੈਰਾ ਪਾ ਦਿੱਤਾ ਗਿਆ ਸੀ ਅਤੇ ਕਰੀਬ ਪਿੰਡ ਠਸਕਾ ਤੱਕ ਪ੍ਰੀਮਿਕਸ ਵੀ ਪਾ ਦਿੱਤਾ ਸੀ ਪਰ ਉਸ ਤੋਂ ਬਾਅਦ ਸੜਕ ਬਣਾਉਣ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਹੈ | ਇਸ ਸੜਕ 'ਤੇ ਪਾਈ ਗਈ ਹਰ ਸਮੇਂ ਉੱਡਦੀ ਰਹਿੰਦੀ ਮਿੱਟੀ ਇਥੋਂ ਲੰਘਣ ਵਾਲਿਆਂ ਲਈ ਜਿੱਥੇ ਵੱਡੀ ਮੁਸੀਬਤ ਬਣੀ ਹੋਈ ਹੈ, ਉਥੇ ਹੀ ਸੜਕ ਬਣਾਉਣ ਲਈ ਪਾਏ ਗਏ ਪੱਥਰ ਵੀ ਇਥੋਂ ਲੰਘਣ ਵਾਲਿਆਂ ਲਈ ਵੱਡੀ ਪ੍ਰੇਸ਼ਾਨੀ ਬਣੇ ਹੋਏ ਹਨ | ਖਨੌਰੀ ਵਿਖੇ ਮੰਡਵੀ ਰੋਡ 'ਤੇ ਬਣੀਆਂ ਦੁਕਾਨਾਂ ਵਾਲਿਆਂ ਦਾ ਤਾਂ ਬਹੁਤ ਹੀ ਬੁਰਾ ਹਾਲ ਹੁੰਦਾ ਹੈ ਤੇ ਸਾਰਾ ਸਾਰਾ ਦਿਨ ਉੱਡਦੀ ਰਹਿੰਦੀ ਮਿੱਟੀ ਧੂੜ ਉਨ੍ਹਾਂ ਦੀਆਂ ਦੁਕਾਨਾਂ ਵਿੱਚ ਚਲੀ ਜਾਂਦੀ ਹੈ ਅਤੇ ਉਨ੍ਹਾਂ ਦੇ ਪਾਏ ਹੋਏ ਕੱਪੜਿਆਂ ਦਾ ਵੀ ਬੁਰਾ ਹਾਲ ਹੋ ਜਾਂਦਾ ਹੈ ਅਤੇ ਉਹ ਸੜਕ 'ਤੇ ਪਾਈ ਮਿੱਟੀ ਨੂੰ ਉਡਣ ਤੋਂ ਰੋਕਣ ਲਈ ਸਾਰਾ ਸਾਰਾ ਦਿਨ ਪਾਣੀ ਦਾ ਛਿੜਕਾਅ ਕਰਨ ਵਿਚ ਹੀ ਲੱਗੇ ਹੁੰਦੇ ਹਨ | ਜ਼ਿਕਰਯੋਗ ਹੈ ਕਿ ਖਨੌਰੀ ਤੋਂ ਅਨਦਾਣਾ ਮੰਡਵੀ ਵਾਲੀ ਸੜਕ ਤੇ ਖਨੌਰੀ ਤੋਂ ਬਨਾਰਸੀ ਦੇ ਨੇੜੇ ਤੱਕ ਅਤੇ ਭੁੱਲਣ ਨੂੰ ਜਾਣ ਵਾਲੀ ਸੜਕ ਤੇ ਵੀ ਪ੍ਰੀਮਿਕਸ ਪਾਉਣ ਦਾ ਕੰਮ ਰਹਿਣ ਕਰਕੇ ਇਨ੍ਹਾਂ ਸੜਕਾਂ ਤੋਂ ਵੀ ਲੰਘਣ ਵਾਲੇ ਲੋਕਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਆ ਰਹੀ ਹੈ | ਹੁਣ ਜਦੋਂ ਕਿ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਸੜਕ ਤੇ ਪਏ ਪੱਥਰਾਂ ਕਰਕੇ ਟਰੱਕਾਂ ਸਮੇਤ ਹੋਰ ਵਾਹਨਾਂ ਵਾਲਿਆਂ ਨੂੰ ਟਾਇਰਾਂ ਦੇ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਕਿਸਾਨ ਆਗੂ ਰਾਜ ਸਿੰਘ ਥੇੜ੍ਹੀ, ਸਾਬਕਾ ਸਰਪੰਚ ਗੁਰਬਾਜ਼ ਸਿੰਘ ਥੇੜ੍ਹੀ ਤੋਂ ਇਲਾਵਾ ਇਲਾਕੇ ਦੇ ਹੋਰ ਬਹੁਤ ਸਾਰੇ ਲੋਕਾਂ ਨੇ ਮੰਗ ਕੀਤੀ ਹੈ ਕਿ ਖਨੌਰੀ ਵਿਖੇ ਮੰਡਵੀਂ ਰੋਡ ਸਮੇਤ ਭੁੱਲਣ ਵਾਲੀ ਸੜਕ ਅਤੇ ਬਨਾਰਸੀ ਵਾਲੀ ਸੜਕ 'ਤੇ ਜਿੱਥੇ ਜਿੱਥੇ ਵੀ ਪ੍ਰੀਮਿਕਸ ਪੈਣ ਵਾਲੀ ਹੈ, ਪਹਿਲ ਦੇ ਆਧਾਰ 'ਤੇ ਪ੍ਰੀਮਿਕਸ ਪਾ ਕੇ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਰਾਹਤ ਦਿਵਾਈ ਜਾਵੇ |