ਲੌਂਗੋਵਾਲ, 22 ਅਪ੍ਰੈਲ (ਵਿਨੋਦ ਸ਼ਰਮਾ) - ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਯਤਨਸ਼ੀਲ ਪ੍ਰਸਿੱਧ ਸਿੱਖ ਸੰਸਥਾ ਸਤਿਨਾਮ ਸਰਬ ਕਲਿਆਣ ਟਰੱਸਟ ਵੱਲੋਂ ਲਈ ਗਈ ਸਾਲਾਨਾ ਗੁਰਮਤਿ ਚੇਤਨਾ ਪ੍ਰੀਖਿਆ 'ਚੋਂ ਇੱਥੋਂ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੈਗੋਰ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਦੇ ਵਿਦਿਆਰਥੀਆਂ ਨੇ ਸਰਬੋਤਮ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ਹਨ | ਟਰੱਸਟ ਵੱਲੋਂ ਪ੍ਰੋਗਰਾਮ ਮੈਨੇਜਰ ਭੁਪਿੰਦਰ ਸਿੰਘ ਅਤੇ ਸੁਨਾਮ ਜ਼ੋਨ ਦੇ ਸੁਪਰਵਾਈਜ਼ਰ ਸੁਖਬੀਰ ਸਿੰਘ ਨੇ ਸਕੂਲ ਪੁੱਜ ਕੇ ਪ੍ਰੀਖਿਆ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ | ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਿਚ ਪਹਿਲੀ ਜਮਾਤ ਤੋਂ ਗਿਆਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ | ਉਨ੍ਹਾਂ ਅੱਜ ਸਰਬੋਤਮ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਅਤੇ ਸਨਮਾਨ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਅਤੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ ਗਿਆ | ਟੈਗੋਰ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਪਿ੍ੰਸੀਪਲ ਮੈਡਮ ਜਸਵਿੰਦਰ ਕੌਰ ਨੇ ਟਰੱਸਟ ਦੇ ਅਹੁਦੇਦਾਰਾਂ ਦਾ ਸਵਾਗਤ ਅਤੇ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਮਤਿ ਅਧਿਆਪਕਾ ਮੈਡਮ ਸੁਲੱਖਣੀ ਕੌਰ ਵੀ ਹਾਜ਼ਰ ਸਨ | ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਕੁਲਦੀਪ ਸਿੰਘ ਮੰਡੇਰ, ਗੋਬਿੰਦ ਸਿੰਘ ਗਿੱਲ ਅਤੇ ਜਤਿੰਦਰ ਰਿਸ਼ੀ ਨੇ ਸਤਿਨਾਮ ਸਰਬ ਕਲਿਆਣ ਟਰੱਸਟ ਦੇ ਉਪਰਾਲੇ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਹੈ |