ਮਸਤੂਆਣਾ ਸਾਹਿਬ, 22 ਅਪ੍ਰੈਲ (ਦਮਦਮੀ) - ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪਿ੍ੰਸੀਪਲ ਡਾਕਟਰ ਅਮਨਦੀਪ ਕੌਰ ਦੀ ਨਿਗਰਾਨੀ ਹੇਠ ਯੁਵਕ ਭਲਾਈ ਵਿਭਾਗ ਵੱਲੋਂ 10-ਰੋਜ਼ਾ ਸੰਗੀਤਕ ਅਤੇ ਲੋਕ-ਨਾਚ ਵਰਕਸ਼ਾਪ ਆਪਣੀਆਂ ਅਮਿੱਟ ਯਾਦਾਂ ਛੱਡਦੀ ਹੋਈ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਈ | ਸਮਾਪਤੀ ਸਮਾਗਮ ਦੌਰਾਨ ਉੱਘੇ ਲੋਕ-ਗਾਇਕ ਬਾਬਾ ਬੇਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੱਲਾਸ਼ੇਰੀ ਦਿੱਤੀ | ਸਮਾਗਮ ਦੌਰਾਨ ਸੰਗੀਤ ਦੇ ਖੇਤਰ ਦੇ ਵਿਦਿਆਰਥੀਆਂ ਨੇ ਲੋਕ ਗਾਇਕੀ ਅਤੇ ਸ਼ਾਸਤਰੀ ਸੰਗੀਤ ਦੀਆਂ ਸੁਰਾਂ ਬਿਖੇਰੀਆਂ | ਲੋਕ ਨਾਚ ਵਿਚ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਲੋਕ ਨਾਚਾਂ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ | ਕੋਮਲ-ਕਲਾਵਾਂ ਅਤੇ ਲੋਕ-ਕਲਾਵਾਂ ਦੀ ਪ੍ਰਦਰਸ਼ਨੀ ਵਿਚ ਕਢਾਈ, ਪੀੜੀਆਂ ਬੁਣਨ, ਕਰੋਸ਼ੀਏ ਦੀ ਕਢਾਈ, ਪੱਖੀ ਦੀ ਬਣਾਈ, ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਮੌਕੇ ਤੇ ਚਿੱਤਰਕਾਰੀ ਅਤੇ ਕਾਰਟੂਨਿੰਗ ਦੀ ਪ੍ਰਦਰਸ਼ਨੀ ਲਗਾਈ ਗਈ | ਜਿਸ ਵਿਚ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਸਾਫ਼ ਝਲਕ ਰਹੀ ਸੀ | ਇਸ ਮੌਕੇ ਮੁੱਖ ਮਹਿਮਾਨ ਬਾਬਾ ਬੇਲੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਅਤੇ ਅਮੀਰ ਵਿਰਸੇ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਉਨ੍ਹਾਂ ਨੇ ਕਾਲਜ ਮੈਨੇਜਮੈਂਟ ਦੇ ਇਸ ਕਿਹਾ ਕਿ ਜਿਸ ਤਰ੍ਹਾਂ ਵਿਦਿਆਰਥੀਆਂ ਨੇ ਥੋੜ੍ਹੇ ਸਮੇਂ ਵਿਚ ਕਲਾ ਦੀਆਂ ਬਾਰੀਕੀਆਂ ਸਿੱਖੀਆਂ ਹਨ, ਉਹ ਕਾਬਿਲ-ਏ-ਤਾਰੀਫ਼ ਹੈ | ਉਪਰਾਲੇ ਦੀ ਸ਼ਲਾਘਾ ਕਰਦਿਆਂ ਡਾ. ਕਾਲਜ ਪਿ੍ੰਸੀਪਲ ਅਮਨਦੀਪ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਦੀ ਸਫਲਤਾ 'ਤੇ ਖ਼ੁਸ਼ੀ ਜ਼ਾਹਿਰ ਕੀਤੀ | ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡਾ. ਮੇਜਰ ਸਿੰਘ ਅਤੇ ਇੰਚਾਰਜ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਆਉਣ ਵਾਲੇ ਯੂਥ ਫ਼ੈਸਟੀਵਲ ਅਤੇ ਹੋਰ ਮੁਕਾਬਲਿਆਂ ਲਈ ਤਿਆਰ ਕਰਨਾ ਸੀ, ਜਿਸ ਵਿਚ ਉਹ ਪੂਰੀ ਤਰ੍ਹਾਂ ਸਫਲ ਰਹੇ ਹਨ | ਸਮਾਗਮ ਦੇ ਅੰਤ ਵਿਚ ਵਰਕਸ਼ਾਪ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ | ਸਟੇਜ ਸਕੱਤਰ ਦੀ ਭੂਮਿਕਾ ਕਾਲਜ ਦੀ ਵਿਦਿਆਰਥਣ ਅਨੁਪ੍ਰੀਤ ਕੌਰ ਵਲੋਂ ਬਾਖੂਬੀ ਨਿਭਾਉਣ ਉਪਰੰਤ ਡਾ. ਸਾਰਿਕਾ ਜੈਨ, ਪ੍ਰੋ. ਜੋਗਿੰਦਰ ਸਿੰਘ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਅਨੀਸ਼ ਸੋਨੀ, ਪ੍ਰੋ. ਨਿਸ਼ਾ ਅਤੇ ਹੋਰ ਸਟਾਫ ਮੈਂਬਰਾਂ ਵਲੋਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਬਾਖ਼ੂਬੀ ਭੂਮਿਕਾ ਨਿਭਾਈ |