ਸੰਦੌੜ, 22 ਅਪ੍ਰੈਲ (ਜਸਵੀਰ ਸਿੰਘ ਜੱਸੀ) - ਇਲਾਕੇ ਦੀ ਨਾਮਵਰ ਸੰਸਥਾ ਮਾਡਰਨ ਸੈਕੂਲਰ ਪਬਲਿਕ ਸਕੂਲ, ਸ਼ੇਰਗੜ੍ਹ ਚੀਮਾ ਦੀ ਹੋਣਹਾਰ ਵਿਦਿਆਰਥਣ ਪ੍ਰਭ ਚਾਹਲ ਪੁੱਤਰੀ ਹਰਵੀਰ ਸਿੰਘ ਚਾਹਲ, ਵਾਸੀ ਪਿੰਡ ਕੁਠਾਲਾ ਨੇ ਕੈਨੇਡਾ ਦੇ ਸੂਬੇ ਬਿ੍ਟਿਸ਼ ਕੋਲੰਬੀਆ ਵਿੱਚ ਪੁਲਿਸ ਅਫ਼ਸਰ ਬਣ ਕੇ ਜਿੱਥੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ ਉਥੇ ਹੀ ਉਸ ਨੇ ਆਪਣੇ ਸਕੂਲ, ਆਪਣੇ ਮਾਤਾ-ਪਿਤਾ ਅਤੇ ਪਿੰਡ ਦਾ ਨਾਮ ਵੀ ਰੌਸ਼ਨ ਕੀਤਾ ਹੈ | ਪ੍ਰਭ ਚਾਹਲ ਦੀ ਇਹ ਪ੍ਰਾਪਤੀ ਉਸ ਦੀ ਸਖ਼ਤ ਮਿਹਨਤ, ਲਗਨ ਅਤੇ ਦਿ੍ੜ੍ਹ ਇਰਾਦੇ ਦਾ ਨਤੀਜਾ ਹੈ | ਇਸ ਪ੍ਰਾਪਤੀ ਦੇ ਸਬੰਧ ਵਿੱਚ ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਤੋਂ ਐਮ.ਪੀ. ਸੁਖ ਧਾਲੀਵਾਲ ਵੱਲੋਂ ਉਸ ਨੰੂ ਸਨਮਾਨਿਤ ਕੀਤਾ ਗਿਆ | ਪ੍ਰਭ ਦੀ ਇਸ ਕਾਮਯਾਬੀ 'ਤੇ ਜਿੱਥੇ ਉਸ ਦੇ ਮਾਤਾ-ਪਿਤਾ ਅਤੇ ਪਿੰਡ ਕੁਠਾਲਾ ਮਾਣ ਮਹਿਸੂਸ ਕਰ ਰਹੇ ਹਨ, ਉੱਥੇ ਹੀ ਸਕੂਲ ਦੇ ਡਾਇਰੈਕਟਰ ਸਰਦਾਰ ਜਗਜੀਤ ਸਿੰਘ ਧੂਰੀ, ਪਿ੍ੰਸੀਪਲ ਅਤੇ ਸਮੂਹ ਸਟਾਫ਼ ਨੇ ਵੀ ਪ੍ਰਭ ਚਾਹਲ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਹੈ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਸਾਡੀਆਂ ਧੀਆਂ ਵੀ ਪੁੱਤਰਾਂ ਵਾਂਗ ਅੱਗੇ ਵੱਧ ਕੇ, ਸਾਕਾਰਾਤਮਕ ਸੋਚ ਰੱਖਦੇ ਹੋਏ ਆਪਣੇ ਅਧਿਆਪਕਾਂ, ਮਾਤਾ-ਪਿਤਾ ਅਤੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੀਆਂ ਹਨ | ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ |