ਸ਼ੇਰਪੁਰ, 22 ਅਪੈ੍ਰਲ (ਦਰਸ਼ਨ ਸਿੰਘ ਖੇੜੀ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਰਕਰ ਜਥੇਦਾਰ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਮਹਿਲ ਕਲਾਂ ਦੀ ਅਗਵਾਈ ਵਿਚ ਵੱਖ-ਵੱਖ ਅਨਾਜ ਮੰਡੀਆਂ ਵਿਖੇ ਕਿਸਾਨਾਂ, ਆੜ੍ਹਤੀਆਂ ਸੈਲਰ ਮਾਲਕਾਂ ਅਤੇ ਮਜ਼ਦੂਰ ਵਰਗ ਨਾਲ ਕਣਕ ਦੀ ਖ਼ਰੀਦੋ ਫਰੋਖਤ ਸਬੰਧੀ ਸੰਪਰਕ ਮੁਹਿੰਮ ਤੇਜ਼ੀ ਨਾਲ ਕਰਨ ਵਿਚ ਕਾਫੀ ਹੱਦ ਤੱਕ ਸਫਲ ਰਹੇ ਹਨ | ਅਕਾਲੀ ਆਗੂਆਂ ਦੀ ਟੀਮ ਵਲੋਂ ਸ਼ੇਰਪੁਰ ਅਨਾਜ ਮੰਡੀ ਵਿਖੇ ਬੋਲੀ ਨਾਂ ਹੋਣ ਕਾਰਨ ਅਤੇ ਲਿਫ਼ਟਿੰਗ ਨਾਂ ਹੋਣ ਦਾ ਤੁਰੰਤ ਨੋਟਿਸ ਲੈਂਦਿਆਂ ਕਣਕ ਦੀ ਖ਼ਰੀਦ ਕਰਨ ਲਈ ਏਜੰਸੀਆਂ ਨੂੰ ਹਰਕਤ ਵਿਚ ਲਿਆ ਕੇ ਕੁੰਭਕਰਨ ਦੀ ਨੀਂਦ ਸੁਤੇ ਪ੍ਰਸ਼ਾਸਨ ਨੂੰ ਜਗਾਇਆ | ਅਕਾਲੀ ਆਗੂ ਸੇਠ ਜੀਵਨ ਲਾਲ ਦੇ ਰਾਮ ਨਗਰ ਛੰਨਾਂ ਵਿਖੇ ਸ਼ੈਲਰ 'ਚ ਜਥੇਦਾਰ ਨਾਥ ਸਿੰਘ ਹਮੀਦੀ ਅਤੇ ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਦੇ ਨਾਲ ਅਕਾਲੀ ਆਗੂ ਸੂਬਾ ਡੈਲੀਗੇਟ ਨੰਬਰਦਾਰ ਅਜੀਤਪਾਲ ਸਿੰਘ ਪੰਜਗਰਾਈਆਂ, ਸਰਕਲ ਪ੍ਰਧਾਨ ਫ਼ਤਹਿਗੜ੍ਹ ਪੰਜਗਰਾਈਆਂ ਜਗਦੇਵ ਸਿੰਘ ਬਧੇਸਾ ਅਤੇ ਬਲਵੰਤ ਸਿੰਘ ਗਿੱਲ ਨੇ ਮਜ਼ਦੂਰਾਂ ਦੀਆਂ ਦੁੱਖ ਤਕਲੀਫ਼ਾਂ ਅਤੇ ਸਮੱਸਿਆਵਾਂ ਨੂੰ ਗ਼ੌਰ ਨਾਲ ਸੁਣਕੇ ਵਿਸ਼ਵਾਸ ਦਿਵਾਇਆ ਕਿ ਅਕਾਲੀ ਸਰਕਾਰ ਆਉਣ ਤੇ ਕੀਤੇ ਵਾਅਦੇ ਪੂਰੇ ਕਰਾਂਗੇ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਵਰਗਾਂ ਨੂੰ ਆਰਥਿਕ ਤੌਰ ਤੇ ਉੱਚਾ ਚੁੱਕਣ ਲਈ ਬਹੁਪੱਖੀ ਸਕੀਮਾਂ ਲਾਗੂ ਕੀਤੀਆਂ ਸਨ ਬਿਲਕੁਲ ਉਸੇ ਤਰ੍ਹਾਂ ਹੀ ਸੁਖਬੀਰ ਸਿੰਘ ਬਾਦਲ ਕਿਸਾਨਾਂ, ਮਜ਼ਦੂਰਾਂ, ਵਿਉਪਾਰੀਆਂ, ਮੁਲਾਜ਼ਮਾਂ, ਦਲਿਤਾਂ ਅਤੇ ਲੋੜਵੰਦਾਂ ਲਈ ਅਕਾਲੀ ਸਰਕਾਰ ਬਣਨ ਤੇ ਸਹੂਲਤਾਂ ਦੇਣ ਲਈ ਵਚਨਬੱਧ ਹੋਣਗੇ |