ਧੂਰੀ, 22 ਅਪ੍ਰੈਲ (ਲਖਵੀਰ ਸਿੰਘ ਧਾਂਦਰਾ) - ਆਪਣਾ ਪੰਜਾਬ ਫਾਊਾਡੇਸ਼ਨ ਵੱਲੋਂ ਸਿਹਤ, ਸਿੱਖਿਆ ਅਤੇ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ | ਫੈਡਰੇਸ਼ਨ ਦੇ ਡਾਇਰੈਕਟਰਾਂ ਵੱਲੋਂ ਹਰ ਸਾਲ ਪੰਜਾਬ ਵਿੱਚ ਵੱਖ-ਵੱਖ ਸੰਸਥਾਵਾਂ ਨਾਲ ਮਿਲ ਕੇ ਸਿਹਤ ਸਬੰਧੀ ਕੈਂਪ ਲਗਾਏ ਜਾਂਦੇ ਹਨ | ਪਿਛਲੇ ਸਾਲ ਆਪਣਾ ਪੰਜਾਬ ਫਾਊਾਡੇਸ਼ਨ ਵੱਲੋਂ ਅਨੇਕਾਂ ਮੁਫ਼ਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਵਾਏ ਗਏ ਅਤੇ ਰੋਟਰੀ ਕਲੱਬ ਨਾਲ ਮਿਲ ਕੇ ਬਣਾਉਟੀ ਅੰਗਾਂ ਦੇ ਕੈਂਪ ਲਗਵਾਏ | ਇਸੇ ਲਗਾਤਾਰਤਾ ਵਿੱਚ ਹੁਣ ਅਪ੍ਰੈਲ ਅਤੇ ਮਈ ਮਹੀਨੇ ਵਿੱਚ ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਐਸ.ਬੀ.ਆਈ. ਕਾਰਡ ਨਾਲ ਮਿਲ ਕੇ ਆਪਣਾ ਪੰਜਾਬ ਫਾਊਾਡੇਸ਼ਨ ਦੀ ਮਦਦ ਨਾਲ ਇਹ ਕੈਂਪਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ | ਇਸ ਲੜੀ ਦੇ ਪਹਿਲੇ ਕੈਂਪ ਵਜੋਂ ਅੱਜ 22 ਅਪ੍ਰੈਲ ਨੂੰ ਗੋਲਡਨ ਅਰਥ ਕਾਨਵੈਂਟ ਸਕੂਲ, ਪੰਡੋਰੀ ਕਲਾਂ ਵਿੱਚ ਸ਼ੁਰੂਆਤ ਕੀਤੀ ਗਈ | ਇਸ ਕੈਂਪ ਵਿੱਚ ਇਲਾਕੇ ਦੇ ਲੋਕਾਂ ਨੇ ਆਪਣੀ ਜਾਂਚ ਕਰਵਾਈ | ਆਪਣਾ ਪੰਜਾਬ ਫਾਊਾਡੇਸ਼ਨ ਦੇ ਫਾਊਾਡਰ ਅਤੇ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਪੰਜਾਬ ਚੈਪਟਰ ਦੇ ਡਾਇਰੈਕਟਰ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ 23 ਅਪ੍ਰੈਲ ਨੂੰ ਇਹ ਕੈਂਪ ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਲਾਡੀਆਂ ਖੁਰਦ, ਮਿਤੀ 1 ਮਈ ਨੂੰ ਗਰੀਨਵੇਜ਼ ਸਕੂਲ, ਰੁੜਕੀ ਹੀਰਾਂ, 5 ਮਈ ਨੂੰ ਪੰਜਾਬ ਗਰੁੱਪ ਆਫ਼ ਕਾਲਜ, ਚੁੰਨੀ ਕਲਾਂ, 13 ਮਈ ਨੂੰ ਪੰਜਾਬ ਨੈਸ਼ਨਲ ਸਕੂਲ, ਬਹਿਰਾਮਪੁਰ ਵਿਖੇ ਲੱਗਣ ਜਾ ਰਹੇ ਹਨ | ਵਰਲਡ ਕੈਂਸਰ ਸੁਸਾਇਟੀ ਦੇ ਮਾਲਵਾ ਚੈਪਟਰ ਦੇ ਡਾਇਰੈਕਟਰ ਸ. ਦਵਿੰਦਰਪਾਲ ਸਿੰਘ ਰਿੰਪੀ ਨੇ ਦੱਸਿਆ ਕਿ ਇਹ ਕੈਂਪ ਤੰਦਰੁਸਤ ਵਿਅਕਤੀਆਂ ਲਈ ਹਨ ਤਾਂ ਜੋ ਉਹ ਸਮੇਂ-ਸਮੇਂ ਆਪਣੀ ਜਾਂਚ ਕਰਵਾ ਸਕਣ | ਉਨ੍ਹਾਂ ਕਿਹਾ ਕਿ ਕੈਂਸਰ ਦਾ ਹੁਣ ਇਲਾਜ ਸੰਭਵ ਹੈ ਪਰੰਤੂ ਜੇਕਰ ਇਸ ਨੂੰ ਮੁੱਢਲੀ ਸਟੇਜ ਤੇ ਪਛਾਣ ਲਿਆ ਜਾਵੇ ਤਾਂ ਇਸ ਦਾ ਸੌਖੇ ਤਰੀਕੇ ਨਾਲ ਇਲਾਜ ਹੋ ਜਾਂਦਾ ਹੈ | ਡਾ. ਧੂਰੀ ਨੇ ਕਿਹਾ ਕਿ ਉਪਰੋਕਤ ਕੈਂਪਾਂ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ |