ਸੰਗਰੂਰ, 24 ਅਪ੍ਰੈਲ (ਧੀਰਜ ਪਸੋਰੀਆ)-ਜ਼ਿਲ੍ਹਾ ਬਾਰ ਐਸੋਸੀਏਸ਼ਨ, ਸੰਗਰੂਰ ਵਲੋਂ ਅੱਜ ਅਦਾਲਤੀ ਪ੍ਰਬੰਧਨ ਪ੍ਰਣਾਲੀ ਵਿਚ ਕੀਤੇ ਗਏ ਬਦਲਾਵਾਂ ਦੇ ਵਿਰੋਧ ਵਿਚ ਕੰਮ ਕਾਜ ਠੱਪ ਰੱਖਿਆ ਗਿਆ | ਬਾਰ ਦੇ ਪ੍ਰਧਾਨ ਸ਼੍ਰੀ ਸੁਖਜਿੰਦਰ ਸਿੰਘ ਢੀਂਡਸਾ, ਸੈਕਟਰੀ ਸਿਮਰਨਦੀਪ ਸਿੰਘ ਬਲੱਗਣ ਅਤੇ ਉਪ ਪ੍ਰਧਾਨ ਜਗਮੀਤ ਸਿੰਘ ਨੇ ਦੱਸਿਆ ਕਿ ਜੁਡੀਸ਼ੀਅਲ ਮੈਨੇਜਮੈਂਟ ਸਿਸਟਮ ਵਿਚ ਸਰਪੰਚਾਂ ਨੂੰ ਵਿਚੋਲੇ ਵਜੋਂ ਨਿਯੁਕਤ ਕਰਨਾ,ਫੈਮਿਲੀ ਕੋਰਟਾਂ, ਜੁਵੇਨਾਈਲ ਕੋਰਟਾਂ, ਮਹਿਲਾਵਾਂ ਵਿਰੁੱਧ ਅਪਰਾਧਾਂ ਨਾਲ ਸਬੰਧਤ ਵਿਸ਼ੇਸ਼ ਅਦਾਲਤਾਂ ਦੇ ਬਾਹਰ ਹੈਲਪ ਡੈਸਕ ਸਥਾਪਤ ਕਰਨਾ ਪੂਰੀ ਤਰ੍ਹਾਂ ਗੈਰ-ਵਾਜਬ, ਅਵਿਵਹਾਰਕ ਅਤੇ ਸਥਾਪਿਤ ਨਿਆਇਕ ਢਾਂਚੇ ਦੇ ਉਲਟ ਹੈ | ਵਿਚੋਲਗੀ ਲਈ ਕਾਨੂੰਨੀ ਗਿਆਨ, ਹੁਨਰ ਅਤੇ ਤਜਰਬੇ ਦੀ ਲੋੜ ਹੁੰਦੀ ਹੈ, ਅਤੇ ਬਿਨਾਂ ਕਾਨੂੰਨੀ ਪਿਛੋਕੜ ਵਾਲੇ ਵਿਅਕਤੀਆਂ ਨੂੰ ਇਹ ਜ਼ਿੰਮੇਵਾਰੀ ਸੌਂਪਣਾ ਪ੍ਰਭਾਵਸ਼ਾਲੀ ਵਿਵਾਦ ਨਿਪਟਾਰੇ ਦੇ ਉਦੇਸ਼ ਨੂੰ ਖ਼ਤਮ ਕਰ ਦੇਵੇਗਾ | ਹਰ ਸਾਲ ਵੱਡੀ ਗਿਣਤੀ ਵਿਚ ਨੌਜਵਾਨ ਵਕੀਲ ਕਾਨੂੰਨੀ ਪੇਸ਼ੇ ਵਿਚ ਆ ਰਹੇ ਹਨ, ਜੇਕਰ ਵਾਧੂ ਵਿਚੋਲਿਆਂ ਦੀ ਲੋੜ ਹੈ, ਤਾਂ ਉਨ੍ਹਾਂ ਦੀ ਨਿਯੁਕਤੀ ਵਕੀਲਾਂ ਵਿਚੋਂ ਕੀਤੀ ਜਾਣੀ ਚਾਹੀਦੀ ਹੈ, ਖ਼ਾਸ ਕਰ ਕੇ ਤਜਰਬੇਕਾਰ ਮੈਂਬਰਾਂ ਦੀ ਨਿਗਰਾਨੀ ਹੇਠ ਨੌਜਵਾਨ ਵਕੀਲਾਂ ਨੂੰ ਲਗਾਇਆ ਜਾਣਾ ਚਾਹੀਦਾ ਹੈ | ਬਾਰ ਐਸੋਸੀਏਸ਼ਨਾਂ ਨਾਲ ਸਲਾਹ ਕੀਤੇ ਬਿਨਾਂ ਅਦਾਲਤਾਂ ਦੇ ਬਾਹਰ ਹੈਲਪ ਡੈਸਕ ਸਥਾਪਤ ਕਰਨ ਦੇ ਇੱਕਪਾਸੜ ਫ਼ੈਸਲੇ ਦਾ ਵੀ ਸਖ਼ਤ ਵਿਰੋਧ ਕੀਤਾ ਗਿਆ | ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਨੇ ਹੋਰ ਦੱਸਿਆ ਕਿ 9 ਮਈ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਦਾ ਬਾਈਕਾਟ ਕੀਤਾ ਜਾਵੇਗਾ | ਉਪਰੋਕਤ ਵਿਚਾਰਾਂ ਦੀ ਬਾਰ ਕੌਂਸਲ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ, ਬਾਰ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸੀਬੀਆ, ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ, ਸੰਜੀਵ ਕੁਮਾਰ ਗੋਇਲ, ਦਲਜੀਤ ਸਿੰਘ ਸੇਖੋ, ਬੇਅੰਤ ਸਿੰਘ ਛਾਜਲੀ, ਗੁਰਬਚਨ ਸਿੰਘ ਨਹਿਲ, ਗੁਰਿੰਦਰਪਾਲ ਕਰਤਾਰਪੁਰਾ, ਰਾਜਬੀਰ ਸਿੰਘ ਗਰੇਵਾਲ, ਕੁਲਦੀਪ ਜੈਨ, ਗੁਰਪ੍ਰੀਤ ਸਿੰਘ ਚੱਠਾ, ਜਸਵੀਰ ਸਿੰਘ ਸਰਾਓ, ਅਜੇਪਾਲ ਸਿੰਘ ਅਕੋਈ, ਐਮਏ ਸ਼ਾਹ ਜੱਗਾ ਮਲੇਰਕੋਟਲਾ, ਰਣਜੀਤ ਸਿੰਘ ਦਿਓਲ, ਗੁਰਸੇਵਕ ਸਿੰਘ ਸਿੱਧੂ, ਰਣਧੀਰ ਸਿੰਘ ਭੰਗੂ, ਰਿਤੇਸ਼ ਜਿੰਦਲ, ਇੰਦਰਪਾਲ ਸਿੰਘ ਧਾਂਦਲੀ, ਸਵਰਨ ਸਿੰਘ ਰਟੋਲ, ਚਮਕੌਰ ਸਿੰਘ ਲਿੱਟ, ਗੌਰਵ ਗਰਗ ਲਹਿਰਾ, ਕੁਲਵਿੰਦਰ ਸਿੰਘ ਤੂਰ, ਗੁਰਪ੍ਰੀਤ ਸਿੰਘ ਮਾਨ, ਸਿੰਮੀ ਮਾਨ, ਮਨਪ੍ਰੀਤ ਸਿੰਘ ਨਮੋਲ ਅਤੇ ਵਕੀਲ ਸਿੰਘ ਨੇ ਵੀ ਪਰੋੜਤਾ ਕੀਤੀ ਹੈ |