ਸੰਗਰੂਰ, 24 ਅਪ੍ਰੈਲ (ਧੀਰਜ ਪਸੋਰੀਆ)-ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਅਨਾਜ ਮੰਡੀ ਸੰਗਰੂਰ ਦੇ ਨਾਲ ਨਾਲ ਖ਼ਰੀਦ ਕੇਂਦਰਾਂ ਬਡਰੁੱਖਾਂ, ਚੰਗਾਲ, ਬਹਾਦਰਪੁਰ ਆਦਿ ਦਾ ਦੌਰਾ ਕਰ ਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਚੇਅਰਮੈਨ ਸ੍ਰੀ ਈਲਵਾਲ ਜਿਨ੍ਹਾਂ ਨਾਲ ਮਾਰਕੀਟ ਕਮੇਟੀ ਸਕੱਤਰ ਨਰਿੰਦਰ ਪਾਲ ਅਤੇ ਸੁਪਰਡੈਂਟ ਗੁਰਜੀਤ ਸਿੰਘ ਲੱਡੀ ਵੀ ਮੌਜੂਦ ਸਨ ਨੇ ਕਈ ਥਾਵਾਂ 'ਤੇ ਤੁਲ ਰਹੀ ਕਣਕ ਦਾ ਤੋਲ ਵੀ ਚੈੱਕ ਕੀਤਾ | ਸੰਗਰੂਰ ਮੰਡੀ ਅਤੇ ਖ਼ਰੀਦ ਕੇਂਦਰਾਂ ਵਿਚ ਖ਼ਰੀਦ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਹੋਇਆ ਉਨ੍ਹਾਂ ਕਿਹਾ ਕਿ ਅਨਾਜ ਮੰਡੀ ਸੰਗਰੂਰ ਅਤੇ ਖ਼ਰੀਦ ਕੇਂਦਰਾਂ ਵਿਚ ਕੀਤੇ ਪ੍ਰਬੰਧਾਂ ਤੋਂ ਆੜ੍ਹਤੀਏ, ਕਿਸਾਨ ਅਤੇ ਮਜ਼ਦੂਰ ਪੂਰੀ ਤਰ੍ਹਾਂ ਸੰਤੁਸ਼ਟ ਹਨ | ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕਿਸਾਨਾਂ ਦਾ ਕਣਕ ਦਾ ਇੱਕ ਇੱਕ ਦਾਣਾ ਚੁੱਕਣ ਦਾ ਪ੍ਰਬੰਧ ਕੀਤਾ ਹੋਇਆ ਹੈ | ਖਰੀਦੀ ਕਣਕ ਦੀ ਅਦਾਇਗੀ ਨਾਲੋ ਨਾਲ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਕੀਤੀ ਜਾ ਰਹੀ ਹੈ | ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਹੈ |