ਸੰਗਰੂਰ, 26 ਅਪ੍ਰੈਲ (ਅਮਨਦੀਪ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੌਂਸਲਰ ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਆਮ ਲੋਕਾਂ, ਵਲੰਟੀਅਰਾਂ ਨੂੰ ਪ੍ਰਤੀਨਿਧਾਂ ਦੇਣ ਦਾ ਦਾਅਵਾ ਕਰਨ ਵਾਲੀ ਆਪ ਪਾਰਟੀ ਨੇ ਅਮੀਰ ਘਰਾਣਿਆਂ, ਵਾਪਰੀਆਂ ਨੂੰ ਰਾਜ ਸਭਾ ਭੇਜ ਕੇ ਪਹਿਲਾ ਹੀ ਇਹ ਸਿੱਧ ਕਰ ਦਿੱਤਾ ਸੀ ਕਿ ਇਹ ਪਾਰਟੀ ਹੁਣ ਖ਼ਾਸ ਲੋਕਾਂ ਦੀ ਪਾਰਟੀ ਬਣ ਗਈ ਹੈ ਅਤੇ ਹੁਣ ਉਪਰੋਕਤ ਵਪਾਰੀਆਂ ਨੇ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਕੇ ਆਪ ਪਾਰਟੀ ਨੂੰ ਇੱਕ ਵੱਡਾ ਕਰਾਰਾ ਝਟਕਾ ਦਿੱਤਾ ਹੈ | ਭਿੰਡਰ ਨੇ ਕਿਹਾ ਕਿ ਆਪ ਪਾਰਟੀ ਉਹ ਡੁੱਬ ਰਿਹਾ ਜਹਾਜ਼ ਹੈ, ਜਿਸ ਵਿੱਚ ਹੁਣ ਇਸ ਦੇ ਆਗੂ ਛਾਲਾ ਮਾਰਨ ਲਈ ਉਤਾਵਲੇ ਹਨ ਉਨ੍ਹਾਂ ਕਿਹਾ ਕਿ ਇਹ ਪਾਰਟੀ ਹੁਣ ਹਰ ਮਸਲੇ ਉੱਤੇ ਗੁੰਡਾਗਰਦੀ ਕਰ ਰਹੀ ਹੈ ਜਿਸ ਦੀ ਉਦਾਹਰਨ ਬੀਤੇ ਦਿਨੀਂ ਭਵਾਨੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਤੋਂ ਮਿਲਦੀ ਹੈ ਜਿਸ ਤਹਿਤ ਆਪ ਨਾਲ ਸਬੰਧਿਤ ਦੋਵਾਂ ਧਿਰਾਂ ਨੇ ਗੁੰਡਾਗਰਦੀ ਦੀ ਖੁੱਲ੍ਹਾ ਨਾਚ ਕੀਤਾ | ਵਿਧਾਨ ਸਭਾ ਚੋਣਾ 2027 ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਪ ਪਾਰਟੀ ਇਸ ਵੇਲੇ ਤਾਸ਼ ਦੇ ਪੱਤਿਆਂ ਵਾਂਗ ਡਿਗ ਰਹੀ ਹੈ ਅਤੇ ਅਕਾਲੀ ਦਲ ਭਾਜਪਾ ਨੂੰ ਪਹਿਲਾ ਵਾਂਗ ਲੋਕ ਨਕਾਰ ਚੁੱਕੇ ਹਨ | ਹੁਣ ਕੇਵਲ ਕਾਂਗਰਸ ਹੀ ਅਜਿਹੀ ਪਾਰਟੀ ਹੈ ਜੋ 2027 ਵਿੱਚ ਸਰਕਾਰ ਬਣਾਉਣ ਦੇ ਸਮਰੱਥ ਹੈ |