ਅਹਿਮਦਗੜ੍ਹ, 27 ਅਪ੍ਰੈਲ (ਸੁਖਜੀਤ ਸਿੰਘ ਖੇੜਾ)-ਵਿਸ਼ਵ ਮਲੇਰੀਆ ਦਿਵਸ ਦੇ ਮੌਕੇ 'ਤੇ, ਅਹਿਮਦਗੜ੍ਹ ਦੇ ਰੋਟਰੀ ਕਲੱਬ ਚੈਂਪੀਅਨ ਨੇ ਵਿਸ਼ੇਸ਼ ਮੁਹਿੰਮ, 'ਮਲੇਰੀਆ ਨਾਲ ਲੜਨ ਲਈ ਸਾਡੇ ਨਾਲ ਜੁੜੋ' ਦੇ ਹਿੱਸੇ ਵਜੋਂ, ਸ਼ਹਿਰ ਦੀਆਂ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ ਲੋੜਵੰਦ ਪਰਿਵਾਰਾਂ ਨੂੰ ਮੱਛਰਦਾਨੀ ਅਤੇ ਓਡੋਮਸ ਕਰੀਮ ਵਾਲੀਆਂ ਵਿਸ਼ੇਸ਼ ਕਿੱਟਾਂ ਵੰਡੀਆਂ ਗਈਆਂ | ਕਲੱਬ ਦੇ ਪ੍ਰਧਾਨ ਡਾ. ਰਵੀ ਸ਼ਰਮਾ, ਸਕੱਤਰ ਰੋਟੇਰੀਅਨ ਅਜੇ ਜੈਨ ਅਤੇ ਖ਼ਜ਼ਾਨਚੀ ਰੋਟੇਰੀਅਨ ਮੁਨੀਸ਼ ਮਲਹੋਤਰਾ ਦੀ ਅਗਵਾਈ ਵਿੱਚ, ਕਲੱਬ ਦੇ ਮੈਂਬਰਾਂ ਨੇ ਦਾਣਾ ਮੰਡੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਝੁੱਗੀਆਂ-ਝੌਂਪੜੀਆਂ ਦਾ ਦੌਰਾ ਕੀਤਾ | ਮੁਹਿੰਮ ਦੌਰਾਨ, ਕਲੱਬ ਦੇ ਮੈਂਬਰਾਂ ਨੇ ਘਰ-ਘਰ ਜਾ ਕੇ ਨਾ ਸਿਰਫ਼ ਸੁਰੱਖਿਆ ਕਿੱਟਾਂ ਵੰਡੀਆਂ, ਸਗੋਂ ਮੱਛਰਾਂ ਤੋਂ ਹੋਣ ਵਾਲੀਆਂ ਘਾਤਕ ਬਿਮਾਰੀਆਂ ਬਾਰੇ ਜਾਗਰੂਕਤਾ ਵੀ ਫੈਲਾਈ |